ਸੈਰ-ਸਪਾਟੇ ਵਾਲਿਆਂ ਲਈ ਜਨਤ-ਹਿਮਾਚਲ ਪ੍ਰਦੇਸ਼

ਅੱਜ ਦੇ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਸੈਰ ਸਪਾਟਾ ਵੀ ਇੱਕ ਜ਼ਰੂਰਤ ਬਣ ਗਈ ਹੈ। ਜਿਥੇ ਸੈਰ ਸਪਾਟਾ ਸਾਨੂੰ ਤਰੋਤਾਜ਼ਾ ਕਰਦਾ ਹੈ ਓਥੇ ਹੀ ਸਾਨੂੰ ਸਿੱਖਣ ਲਈ ਵੀ ਬਹੁਤ ਕੁੱਝ ਮਿਲਦਾ ਹੈ। ਪਰ ਸਹੀ ਸਮੇਂ ਸਹੀ ਜਗਾਂਹ ਕਿਹੜੀ ਹੈ ਘੁੰਮਣ ਲਈ ਇਹ ਇਕ ਬਹੁਤ ਵੱਡਾ ਫੈਸਲਾ ਹੁੰਦਾ ਹੈ। ਸੈਰ ਸਪਾਟੇ ਤੇ ਜਾਣ ਲਈ ਸਮਾਂ ਅਤੇ ਸਥਾਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਸੈਰ-ਸਪਾਟਾ ਸਿਰਦਰਦ ਬਣਕੇ ਰਹਿ ਜਾਂਦਾ ਹੈ। ਗਰਮੀ ਦੀ ਛੁੱਟੀਆਂ ਆਉਂਦੇ ਹੀ ਸਭ ਤੋਂ ਪਹਿਲਾਂ ਖਿਆਲ ਆਉਂਦਾ ਹੈ, ਹਿਮਾਚਲ ਪ੍ਰਦੇਸ਼ ਦਾ। ਹਿਮਾਚਲ ਪ੍ਰਦੇਸ਼ ਉੱਚੇ-ਉੱਚੇ ਪਹਾੜਾਂ ਦੇ ਲਈ ਵਿਸ਼ਵ ਪ੍ਰਸਿੱਧ ਵਿੱਚ ਕਈ ਜਗਾਂਹ ਹਨ ਘੁੰਮਣ ਲਈ, ਜਿਥੇ ਸਿਰਫ਼ ਭਾਰਤ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਲੋਕ ਆਉਂਦੇ ਹਨ। ਹਿਮਾਚਲ ਵਿੱਚ ਕਈ ਜਗਾਂਹ ਘੁੰਮਣ ਅਤੇ ਵੇਖਣ ਵਾਲੀਆਂ ਹਨ। ਇਨ੍ਹਾਂ ‘ਚ ਪ੍ਰਮੁੱਖ ਹਨ ਸ਼ਿਮਲਾ, ਮਨਾਲੀ, ਪਾਲਮਪੁਰ, ਡਲਹੋਜੀ ਆਦਿ।

ਜੇਕਰ ਤੁਹਾਡੇ ਕੋਲ ਸਮਾਂ ਥੋੜ੍ਹਾ ਹੈ ਅਤੇ ਆਪਣੇ ਆਪ ਨੂੰ ਤਰੋਤਾਜਾ ਕਰਨਾ ਚਾਹੰਦੇ ਹੋ ਤਾਂ ਸ਼ਿਮਲਾ,ਡਲਹੋਜੀ ਅਤੇ ਪਾਲਮਪੁਰ ਜੂਨ ਦੇ ਮਹੀਨੇ ਵਿੱਚ ਜਾਣਾ ਸਹੀ ਰਹੇਗਾ। ਸ਼ਿਮਲਾ ਚੰਡੀਗੜ੍ਹ ਤੋ 110 ਕਿ.ਮੀ. ਦੇ ਕਰੀਬ ਹੈ ਅਤੇ ਰਸਤੇ ਦਾ ਦ੍ਰਿਸ਼ ਵੀ ਬਹੁਤ ਖੂਬਸੂਰਤ ਹੈ। ਸ਼ਿਮਲਾ ਜਾਣ ਦੇ ਦੋ ਰਸਤੇ ਹਨ ਇੱਕ ਬੱਧੀ ਵੱਲ ਦੀ ਨਿਕਲਦਾ ਹੈ ਅਤੇ ਦੂਸਰਾ ਕਸੋਲੀ ਸੋਲਨ ਵੱਲੋਂ। ਕਸੋਲੀ ਅਤੇ ਸੋਲਨ ਆਪਣੇ ‘ਚ ਵੀ ਘੁੰਮਣ ਵਾਲੇ ਸਥਾਨ ਹਨ। ਇਨ੍ਹਾਂ ਦੇ ਨਾਲ ਲਗਦਾ ਚੈੱਲ ਨਾਮਕ ਪਹਾੜੀ ਸਥਾਨ ਵੀ ਲੋਕਾਂ ਦੇ ਦਿੱਖ ਦਾ ਕੇਂਦਰ ਰਹਿੰਦਾ ਹੈ। ਇਥੇ ਇੱਕ ਰਾਤ ਰਿਹਾ ਜਾ ਸਕਦਾ ਹੈ। ਚੈੱਲ ਤੋਂ ਕੁੱਝ ਕੁ ਕੀ.ਮੀ. ਦੂਰ ਸ਼ਿਮਲਾ ਸਥਿਤ ਹੈ ਜਿਥੇ ਜਾਖੂ ਮੰਦਰ, ਮਾਲ ਰੋਡ, ਦ ਰਿਜ ਨਾਮਕ ਘੁੰਮਣ ਵਾਲੇ ਸਥਾਨ ਨਾਲ ਨਾਲ ਹੀ ਹਨ। ਸ਼ਿਮਲਾ ਪੰਜਾਬ ਅਤੇ ਦਿੱਲੀ ਦੇ ਨਜਦੀਕ ਹੋਣ ਕਾਰਨ ਜਿਆਦਤਰ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਰਹਿੰਦਾ ਹੈ ਜੇਕਰ ਤੁਸੀਂ ਇਥੇ ਜਾਣਾ ਚਾਹੁੰਦੇ ਹੋ ਤਾਂ ਹੋਟਲ/ ਰਹਿਣ ਦਾ ਬੰਦੋਬਸਤ ਪਹਿਲਾਂ ਹੀ ਕਰਕੇ ਜਾਓ ਤਾਂ ਜੋ ਓਥੇ ਪਰੇਸ਼ਾਨੀ ਨਾ ਆਵੇ। ਕਾਰ ਪਾਰਕਿੰਗ ਦੀ ਸਮੱਸਿਆ ਵੀ ਆਮ ਹੀ ਸ਼ਿਮਲਾ ਵਿੱਚ ਰਹਿੰਦੀ ਹੈ। ਸ਼ਿਮਲਾ ਦੇ ਨਾਲ ਹੀ ਕੁਫਰੀ ਨਾਮਕ ਜਗਾਂਹ ਹੈ ਜੋ ਸ਼ਿਮਲਾ ਤੋਂ ਵੱਧ ਠੰਡੀ ਰਹਿੰਦੀ ਹੈ ਅਤੇ ਘੁੜ ਸਵਾਰੀ, ਹਿਮਾਲਯ ਨੈਸ਼ਨਲ ਪਾਰਕ ਆਦਿ ਬਹੁਤ ਜਗਾਂਹ ਵੇਖਣ ਵਾਲੀਆ ਹਨ।

ਜੇਕਰ ਤੁਹਾਡਾ ਪਾਲਮਪੁਰ ਜਾਣ ਦਾ ਵਿਚਾਰ ਹੈ ਤਾਂ ਇਹ ਵੀ ਕੁਦਰਤੀ ਨਜਾਰਿਆਂ ‘ਚ ਵਸਿਆ ਬਹੁਤ ਸ਼ਾਂਤੀ ਪੂਰਨ ਪਹਾੜੀ ਇਲਾਕਾ ਹੈ। ਪਾਲਮਪੁਰ ਆਮ ਤੌਰ ਤੇ ਚਾਹ ਦੀ ਖੇਤੀ ਲਈ ਮਸ਼ਹੂਰ ਹੈ। ਪਾਲਮਪੁਰ ਹੁਸ਼ਿਆਰਪੁਰ ਤੋਂ ਕਰੀਬ125 ਕਿ.ਮੀ. ਸਥਿਤ ਹੈ। ਰਸਤੇ ਵਿੱਚ ਚਿੰਤਪੁਰਨੀ, ਜਵਾਲਾਮੁੱਖੀ,ਕਾਂਗੜਾ, ਧਰਮਸ਼ਾਲਾ ਵਰਗੇ ਪ੍ਰਮੁੱਖ, ਧਾਰਮਿਕ ਅਤੇ ਇਤਿਹਾਸਕ ਸ਼ਹਿਰ ਹਨ। ਚਿੰਤਪੁਰਨੀ ਅਤੇ ਚਿੰਤਪੁਰਨੀ ਜਿਥੇ ਹਿੰਦੂਆਂ ਦੇ ਲਈ ਮਹੱਤਵਪੂਰਨ ਮੰਦਰ ਹੈ। ਓਥੇ ਹੀ ਕਾਂਗੜਾ ਵਿੱਚ ਕਾਂਗੜਾ ਪਹਾੜੀ ਰਾਜਿਆ ਦਾ ਕਿੱਲਾ ਕਾਂਗੜਾ ਕਿੱਲਾ ਵੇਖਣ ਯੋਗ ਹੈ। ਧਰਮਸ਼ਾਲਾ ਧਾਰਮਿਕ ਅਤੇ ਇਤਿਹਾਕ ਕਈ ਸਥਾਨ ਨੂੰ ਜੋੜਨ ਵਾਲਾ ਹੈ। ਜੋ ਕਿ ਇੱਕ ਪਾਸੇ ਮਕਲੌੜਗੰਜ ਜਾਂਦਾ ਹੈ ਅਤੇ ਦੂਜੇ ਪਾਸੇ ਪਾਲਮਪੁਰ। ਮਕਲੌੜਗੰਜ ਬੁੱਧ ਧਰਮ ਦਾ ਧਾਰਮਿਕ ਸਥਾਨਾਂ ਵਿੱਚੋਂ ਇਕ ਹੈ ਇਥੇ ਜਿਥੇ ਬੁੱਧ ਧਰਮ ਦੇ ਮੰਦਰ ਹਨ ਓਥੇ ਹੀ ਹਿੰਦੂ ਮੰਦਰ ਅਤੇ ਝਰਨੇ ਵੀ ਹਨ ਇਥੇ ਸੈਲਾਨੀ ਟ੍ਰੈਕਿੰਗ ਦਾ ਲੁਫਤ ਵੀ ਲੈ ਸਕਦੇ ਹਨ ਜੋ ਕਰੀਬ 7 ਕਿ.ਮੀ. ਦੀ ਸਿੱਧੀ ਟਰੈਕਿੰਗ ਵੀ ਹੈ। ਮਕਲੌੜਗੰਜ ਬਾਰਤ ਵਿੱਚ ਸੈਲਾਨੀਆ ਲਈ ਖਿੱਚ ਦਾ ਕੇਂਦਰ ਸ਼ੁਰੂ ਤੋਂ ਰਿਹਾ ਹੈ। ਇਸ ਦੇ ਨਾਲ ਹੀ ਮਕਲੌੜਗੰਜ ਆਪਣੇ ਗਰਮ ਕਪੜੇ, ਜੜ੍ਹੀ ਬੂਟੀਆਂ ਆਦਿ ਲਈ ਵੀ ਜਾਣਿਆ ਜਾਂਦਾ ਹੈ। ਜਿਆਦਾ ਸੈਲਾਨੀ ਹੋਣ ਕਾਰਨ ਅਤੇ ਤੰਗ ਬਜਾਰ ਹੋਣ ਕਾਰਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਸੈਲਾਨੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਤਿੰਨ ਚਾਰ ਘੰਟੇ ਦੂਰੀ ਤੇ ਸਥਿਤ ਹੈ ਪਾਲਮਪੁਰ ਜਿਥੇ ਸ਼ੌਰ ਸ਼ਰਾਬੇ ਤੋਂ ਦੂਰ ਅਰਾਮ ਕਰਨ ਦੀ ਬਹੁਤ ਸੋਹਣੀ ਜਗਾਂਹ ਹੈ। ਪਾਲਮਪੁਰ ਵਿੱਚ ਵੇਖਣ ਲਈ ਸੌਰਵ ਵਨ ਵਿਹਾਰ ਅਤੇ ਉਸ ਦੇ ਨਾਲ ਪੈਂਦਾ ਦਰਿਆ ਹੈ। ਇਸ ਦੇ ਨਾਲ ਹੀ ਸੋਭਾ ਸਿੰਘ ਆਰਟ ਗੈਲਰੀ ਅਤੇ  ਨੌਰਾ ਰਿਚਰਡ ਦਾ ਘਰ ਵੀ ਹੈ। ਨਿਉਗਲ ਖੱਡ ਅਤੇ ਬੈਜਨਾਥ ਮੰਦਰ ਵੀ ਦੇਖਣਯੋਗ ਹਨ। ਪਾਲਮਪੁਰ ਤੋਂ ਕੁੱਝ ਘੰਟਿਆਂ ਦੀ ਦੂਰੀ ਤੇ ਹੀ ਬਿਲਿੰਗ ਨਾਮਕ ਜਗਾਂਹ ਮੌਜੂਦ ਹੈ ਜਿਥੇ ਸੈਲਾਨੀ ਅਕਸਰ ਪੈਰਾਗਲਾਈਡਿੰਗ ਦਾ ਅੰਨਦ ਲੈਂਦੇ ਹਨ।

ਪਠਾਨਕੋਟ ਤੋਂ 90 ਕਿ.ਮੀ ਦੂਰ ਡਲਹੌਜੀ ਵੀ ਸੈਰ-ਸਪਾਟੇ ਦੇ ਲਈ ਜਾਣਿਆ ਜਾਂਦਾ ਹੈ। ਡਲਹੌਜੀ ਵਿੱਚ ਚਾਮੇਰਾ ਲੇਕ, ਦਾਨੀਕੁੰਡ ਚੋਟੀ ਅਤੇ ਖੱਜਿਆਰ ਨੂੰ ਇਥੋਂ ਹੀ ਹੋ ਕੇ ਜਾਇਆ ਜਾਂਦਾ ਹੈ। ਖੱਜਿਆਰ ਹਰੇ ਭਰੇ ਪੌਦਿਆਂ ਦੇ ਵਿੱਚ ਸਥਿਤ ਬਹੁਤ ਸੋਹਣੀ ਅਤੇ ਦਿਲਕਸ਼ ਨਜਾਰੇ ਵਾਲੀ ਜਗਾਂਹ ਹੈ ਪਰ ਪਿਕਨਿਕ ਮਨਾਉਣ ਆਉਂਦੇ ਲੋਕਾਂ ਵਲੋਂ  ਸਾਫ਼ ਸਫਾਈ ਦਾ ਕੋਈ ਵੀ ਧਿਆਨ ਨਹੀਂ ਰਖਿਆ ਜਾਂਦਾ। ਜਿਸ ਕਾਰਨ ਇਸ ਸਵਰਗ ਵਰਗੀ ਜਗਾਂਹ ਨੂੰ ਦਾਗ ਲਗਦਾ ਹੈ। ਖੱਜਿਆਰ ਤੋਂ ਅੱਗੇ ਹੀ ਚੰਬਾ ਹੈ ਜੋ ਹਿੰਦੂ ਧਰਮ ਦਾ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਸੱਚ ਪਾਸ ਹੁੰਦੇ ਹੋਏ ਲੇਹ ਲਦਾਖ ਜਾਣ ਦਾ ਵੀ ਰਸਤਾ ਇਥੇ ਹੀ ਜਾਂਦਾ ਹੈ।

ਜੇਕਰ ਤੁਹਾਡੇ ਕੋਲ ਖੁਲ੍ਹਾ ਸਮਾਂ ਹੈ ਅਤੇ ਸਹੀ ਤਰ੍ਹਾਂ ਕੁਦਰਤ ਵੇਖਣਾ ਚਾਹੁੰਦੇ ਹੋ ਤਾਂ ਮਨਾਲੀ ਸ਼ਹਿਰ ਪ੍ਰਮੁੱਖ ਹੈ। 2050 ਮੀਟਰ ਉਚਾਈ ਤੇ ਸਥਿਤ ਮਨਾਲੀ ਸਾਰਾ ਸਾਲ ਠੰਡਾ ਰਹਿਣ ਵਾਲਾ ਸਥਾਨ ਹੈ। ਮਨਾਲੀ ਰੋਪੜ ਤੋਂ 265 ਕਿ.ਮੀ. ਦੇ ਕਰੀਬ ਸਥਿਤ ਹੈ। ਰਸਤੇ ਵਿੱਚ ਜਿਥੇ ਉੱਚੀਆਂ ਉੱਚੀਆਂ ਪਹਾੜੀਆਂ ਅਤੇ ਕੁਦਰਤੀ ਨਜਾਰੇ ਹਨ ਓਥੇ ਹੀ ਐਡਵੈੰਚਰਸ ਟੂਰਜ ਦੇ ਲੋਕਾਂ ਲਈ ਇਹ ਪ੍ਰਮੁੱਖ ਸਥਾਨ ਹੈ। ਮਨਾਲੀ ਦੇ ਰਸਤੇ ਵਿੱਚ ਸੁੰਦਰਨਗਰ ਡੈਮ, ਕੁਲੂ, ਭੁੰਤਰ, ਮਨੀਕਰਨ ਸਾਹਿਬ ਅਤੇ ਹੋਰ ਬਹੁਤ ਛੋਟੇ ਅਤੇ ਵੱਡੇ ਸਥਾਨ ਵੇਖਣ ਵਾਲੇ ਹਨ। ਭੁੰਤਰ ਤੋਂ ਦੋ ਕੁ ਘੰਟੇ ਦੀ ਦੂਰੀ ਤੇ ਗੁਰੁਦਵਾਰਾ ਮਨੀਕਰਨ ਸਾਹਿਬ ਸਥਿਤ ਹੈ। ਇਥੇ ਹੀ ਇੱਕ ਪ੍ਰਾਚੀਨ ਸ਼ਿਵ ਮੰਦਰ ਵੀ ਸਥਿਤ ਹੈ। ਮਨੀਕਰਨ ਗੁਰੁਦਵਾਰੇ ਦੇ ਨਾਲ ਵਹਿੰਦੀ ਗੌਰੀ ਨਦੀ ਦਾ ਬਹਾਅ ਵੀ ਵੇਖਣ ਯੋਗ ਹੈ ਜੋ ਆਪਣੇ ਨਾਲ ਵੱਡੇ ਵੱਡੇ ਪਥਰਾਂ ਨੂੰ ਵੀ ਤਿਨਕੇ ਸਮਾਨ ਰੋਹੜ ਲਿਆਉਂਦੀ ਹੈ। ਕੁੱਲੂ ਆਪਣੇ ਗਰਮ ਕਪੜਿਆ ਕਾਰਨ ਜਾਣਿਆ ਜਾਂਦਾ ਹੈ। ਇਥੇ ਹੀ ਦੁਸਹਿਰੇ ਦੇ ਮੌਕੇ ਬਹੁਤ ਵੱਡਾ ਮੇਲਾ ਹੁੰਦਾ ਹੈ। ਇਸ ਤੋਂ ਕੁੱਝ ਕੁ ਦੂਰੀ ਤੇ ਮਨਾਲੀ ਸਥਿਤ ਹੈ ਮਨਾਲੀ ਵਿੱਚ ਦੇਖਣ ਲਈ ਹਡਿੰਮਬਾ ਮੰਦਰ, ਵਨ ਵਿਹਾਰ, ਨਗਰ ਕੈਸਲ, ਅਤੇ ਹੋਰ ਕਈ ਧਾਰਮਕ ਸਥਾਨ ਅਤੇ ਐਡਵੈਂਚਰ ਟੂਅਰ ਦੀ ਸਥਾਨ ਸਥਿਤ ਹੈ। ਮਨਾਲੀ ਤੋਂ ਕੁੱਝ ਕੁ ਘੰਟਿਆ ਦੇ ਰਸਤੇ ਤੇ ਹੀ ਸੋਲਾਂਗ ਵੈਲੀ ਅਤੇ ਰੋਹਤਾਂਗ ਪਾਸ ਸਥਿਤ ਹੈ ਜਿਥੇ ਸਾਲ ਦੇ 12 ਮਹੀਨੇ ਹੀ ਬਰਫ਼ ਰਹਿੰਦੀ ਹੈ।

ਹਿਮਾਚਲ ਦੀ ਖੂਬਸੂਰਤੀ ਦਾ ਵਿਖਿਆਣ ਸ਼ਬਦਾਂ ‘ਚ ਕਰਨਾ ਸੰਭਵ ਨਹੀਂ ਹੈ। ਸਹੀ ਤਰ੍ਹਾਂ ਕੁਦਰਤ ਦਾ ਨਜਾਰਾ ਤੁਸੀਂ ਉਸ ਜਗਾਹ ਤੇ ਜਾ ਕੇ ਹੀ ਲੈ ਸਕਦੇ ਹੋ।

ਪਰਵਿੰਦਰਜੀਤ ਸਿੰਘ

98720 07176

Post Author: admin

Leave a Reply

Your email address will not be published. Required fields are marked *