ਭਾਰਤ ‘ਚ ਖੁਲ੍ਹੇਪਨ ਦੀ ਨੀਤੀ ਨੇ ਵਧਾਇਆ ਅਮੀਰ- ਗਰੀਬ ਪਾੜਾ/ ਮੂਲ ਲੇਖਕ:- ਜਯੰਤੀਲਾਲ ਭੰਡਾਰੀ/ ਪੰਜਾਬੀ ਰੂਪ:- ਗੁਰਮੀਤ ਪਲਾਹੀ

 

 

ਇੱਕ ਪਾਸੇ ਜਿਥੇ ਦੇਸ਼ ਦੀ ਵਿਕਾਸ ਦਰ ‘ਚ ਵਾਧੇ ਅਤੇ ਆਰਥਿਕ ਵਿਕਾਸ ਦੀ ਤੇਜ਼-ਰਫਤਾਰੀ ਦੀਆਂ ਖ਼ਬਰਾਂ ਛਪ ਰਹੀਆਂ ਹਨ, ਉਥੇ ਦੂਜੇ ਪਾਸੇ ਦੇਸ਼ ‘ਚ ਅਮੀਰੀ-ਗਰੀਬੀ ‘ਚ ਵੱਧ ਰਹੇ ਪਾੜੇ ਦੀਆਂ ਫਿਕਰਮੰਦੀ ਵਾਲੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਹਨ। ਹੁਣੇ ਜਿਹੇ ਵੀ ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਹਰੂਨ ਨੇ ਰਿਪੋਰਟ-2018 ਛਾਪੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਅਮੀਰ ਲੋਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2017 ਵਿੱਚ ਇੱਕ ਅਰਬ ਡਾਲਰ ਤੋਂ ਜਿਆਦਾ ਦੀ ਦੌਲਤ ਰੱਖਣ ਵਾਲੇ ਭਾਰਤੀ ਅਰਬਪਤੀਆਂ ਦੀ ਕੁਲ ਸੰਖਿਆ 170  ਗਈ ਹੈ। ਰਿਪੋਰਟ ਅਨੁਸਾਰ ਚੀਨ ਵਿੱਚ 819ਅਰਬਪਤੀ ਹਨ, ਅਮਰੀਕਾ ਵਿੱਚ 571 ਅਰਬਪਤੀ ਹਨ ਅਤੇ ਭਾਰਤ ਅਰਬਪਤੀ ਦੌਲਤਮੰਦਾਂ ‘ਚ ਦੁਨੀਆ ‘ਚ ਤੀਜੇ ਥਾਂ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2022 ਤੱਕ ਭਾਰਤ ਦਾ ਜੀ ਡੀ ਪੀ( ਸਕਲ ਘਰੇਲੂ ਉਤਪਾਦ) ਛੇ ਲੱਖ ਕਰੋੜ ਡਾਲਰ ਤੱਕ ਪੁੱਜੇਗਾ, ਤਦ ਉਮੀਦ ਹੈ ਕਿ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਹੁਣ ਦੇ ਸਮੇਂ ਦੀ ਤੁਲਨਾ ਤੋਂ ਦੋ ਗੁਣੀ ਹੋ ਜਾਏਗੀ।

ਭਾਰਤੀ ਅਰਬਪਤੀਆਂ ਵਿੱਚ ਸਭ ਤੋਂ ਜਿਆਦਾ ਗਿਣਤੀ ਦਵਾਈਆਂ ਬਨਾਉਣ ਵਾਲੇ ਉਦਯੋਗਪਤੀਆਂ ਦੀ ਹੈ। ਉਸ ਤੋਂ ਬਾਅਦ ਟੈਕਨੌਲੋਜੀ, ਮੀਡੀਆ, ਦੂਰ ਸੰਚਾਰ ਅਤੇ ਆਟੋ ਅਤੇ ਆਟੋ ਮਸ਼ੀਨਰੀ ਖੇਤਰ ਦੇ ਉਦਯੋਗਪਤੀਆਂ ਦੀ ਹੈ। ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਔਕਸਫੈਮ ਦੀ  ਨਾ-ਬਰਾਬਰੀ ਰਿਪੋਰਟ 2018 ‘ਚ ਕਿਹਾ ਗਿਆ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਹੋਏ ਖੁਲ੍ਹੇਪਨ ਦੇ ਦੌਰ ਤੋਂ ਬਾਅਦ ਆਰਥਿਕ ਨਾ-ਬਰਾਬਰੀ ਜਿਆਦਾ ਹੁੰਦੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਸਾਲ 2017 ਵਿੱਚ ਭਾਰਤ ਦੇ ਅਰਬਪਤੀਆਂ ਦੀ ਕੁਲ ਜਾਇਦਾਦ ਦੇਸ਼ ਦੀ ਜੀ ਡੀ ਪੀ ਦਾ 15 ਫੀਸਦੀ ਦੇ ਬਰਾਬਰ ਹੋ ਗਈ ਹੈ। ਜਦਕਿ ਪੰਜ ਸਾਲ  ਪਹਿਲਾ ਇਹ 10 ਫੀਸਦੀ ਸੀ।

ਇਸ ਤਰ੍ਹਾਂ ਵੱਖੋ-ਵੱਖਰੇ ਦੇਸ਼ਾਂ ਵਿੱਚ ਦੁਨੀਆਂ ਭਰ ਵਿੱਚ ਵਧਦੀ ਨਾ-ਬਰਾਬਰੀ ਦੀ ਚਿੰਤਾ ਨਾਲ ਸਬੰਧਤ ਖੋਜ ਕਰਨ ਵਾਲੇ ਸੰਗਠਨ ਕੋਟਕ ਵੈਲਥ ਮੈਨਜਮੈਂਟ ਨੇ ਪਿਛਲੇ ਦਿਨੀਂ ਪ੍ਰਕਾਸ਼ਿਤ ਆਪਣੇ ਇੱਕ ਖੋਜ ਪੱਤਰ ਵਿੱਚ ਕਿਹਾ ਕਿ  ਭਾਰਤ ਵਿੱਚ ਵਧਦੀ ਨਾ-ਬਰਾਬਰੀ ਦੀਆਂ ਚਿੰਤਾਵਾਂ ਦੌਰਾਨ ਸਾਲ 2017 ਵਿੱਚ ਦੇਸ਼ ਦੇ ਅਮੀਰਾਂ ਦੀ ਗਿਣਤੀ ਵਿੱਚ ਉਸਦੀ ਸਮੂਹਿਕ ਹੈਸੀਅਤ ਦੇ ਮੁਕਾਬਲੇ ਬੇਹੱਦ ਵਾਧਾ ਹੋਇਆ ਹੈ। ਦੁਨੀਆ ਦੇ ਪ੍ਰਸਿੱਧ ਅਰਥਵਿਗਿਆਨੀ ਥਾਮਸ ਪਿਕੇਟੀ ਅਤੇ ਲੁਕਾਸ ਚਾਂਸੇਲ ਵਲੋਂ ਪੇਸ਼ ਕੀਤੀ ਰਿਪੋਰਟ ਵਿੱਚ ਵੀ ਭਾਰਤ ਵਿੱਚ ਨਾ-ਬਰਾਬਰੀ ਵੱਧਣ ਤੇ ਚਿੰਤਾ ਪ੍ਰਗਟਾਈ ਗਈ ਹੈ। ਧਿਆਨ ਦੇਣ ਯੋਗ ਹੈ ਕਿ ਦੁਨੀਆਂ ਦੇ ਦੇਸ਼ਾਂ ਵਿੱਚ ਆਰਥਿਕ ਸਮਾਜਿਕ ਵਿਕਾਸ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਸੰਗਠਨ ਵਰਲਡ ਇਕਨੋਮਿਕ ਫੋਰਮ (ਡਵਲਯੂ ਈ ਐਫ) ਵਲੋਂ ਤਿਆਰ ਸੰਮਲਿਤ ਵਿਕਾਸ ਸੂਚਕਾਂਕ 2017 ਵਿੱਚ ਭਾਰਤ ਉਭਰਦੀਆਂ ਅਰਥ ਵਿਵਸਥਾਵਾਂ ਵਿੱਚ 103 ਦੇਸ਼ਾਂ ਦੀ ਸੂਚੀ ਵਿੱਚ 62 ਵੇਂ ਥਾਂ ਉਤੇ ਹੈ। ਸੰਮਲਿਤ ਵਿਕਾਸ ਵਿੱਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਪਿਛੇ ਹੈ। ਡਬਲਯੂ ਈ ਐਫ ਵਲੋਂ ਜਾਰੀ ਸੰਮਲਿਤ ਵਿਕਾਸ ਸੂਚਕਾਂਕ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੂੰ ਆਪਣੀ ਜਨਤਾ ਨੂੰ ਰੋਜ਼ਗਾਰ ਰਹਿਣ ਸਹਿਣ ਦੇ ਪੱਧਰ, ਵਾਤਾਵਰਨ ਸੁਧਾਰ, ਨਵੀਂ ਪੀੜ੍ਹੀ ਦੇ ਭਵਿੱਖ, ਸਿਹਤ, ਸਿੱਖਿਆ, ਹੱਥੀ ਕਿੱਤਾ ਸਿਖਲਾਈ ਅਤੇ ਹੋਰ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਦੇ ਨਾਲ ਉਹਨਾ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਦੀ ਦਿਸ਼ਾ ਵਿੱਚ ਲੰਮਾ ਸਫਰ ਤਹਿ ਕਰਨਾ ਪਵੇਗਾ।

ਦੇਸ਼ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਕਈ ਕਦਮਾਂ ਦੇ ਬਾਅਦ ਵੀ ਭ੍ਰਿਸ਼ਟਾਚਾਰ ਦੀ ਸਥਿਤੀ ਕਾਬੂ ‘ਚ ਨਹੀਂ ਆਈ। ਟ੍ਰਾਂਸਪੇਰੇਸੀ ਇੰਟਰਨੈਸ਼ਨਲ ਨੇ 2017 ਦੇ ਲਈ ਦੁਨੀਆਂ ਭਰ ਦੇ ਦੇਸ਼ਾਂ ਦਾ ਜੋ ਭ੍ਰਿਸ਼ਟਾਚਾਰ ਇੰਡੈਕਸ ਜਾਰੀ ਕੀਤਾ ਹੈ, ਉਸ ਵਿੱਚ ਭਾਰਤ 183 ਦੇਸ਼ਾਂ ਦੀ ਸੂਚੀ ਵਿੱਚ ਦੋ ਥਾਵਾਂ ਹੋਰ ਥੱਲੇ ਆਕੇ 81 ਵੇਂ ਨੰਬਰ ਤੇ ਪੁੱਜ ਗਿਆ ਹੈ। ਕਹਿਣ ਦਾ ਭਾਵ ਇਹ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ  ਵਧਿਆ ਹੈ। ਇਸ ਸਮੇਂ ਸਪਸ਼ਟ ਰੂਪ ਵਿੱਚ ਇਹ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੇ ਵਿਕਾਸ ਦੀ ਪੌੜੀ ‘ਚ ਅੱਗੇ ਵਧਣ ਦੇ ਨਾਲ ਨਾਲ ਵਿਕਾਸ ਦੇ ਲਾਭ ਆਮ ਆਦਮੀ  ਤੱਕ ਪਹੁੰਚਣ ਦੀਆਂ ਰਾਹਾਂ ਸੌਖੀਆਂ ਕਰਨ ਲਈ ਹੋਰ ਤੇਜ਼ੀ ਨਾਲ ਯਤਨ ਕਰਕੇ ਪੈਣਗੇ।

ਗੁਰਮੀਤ ਪਲਾਹੀ

ਫੋਨ ਨੰ:- 9815802070

 

Post Author: admin

Leave a Reply

Your email address will not be published. Required fields are marked *