ਲੰਗਰ ਤੋਂ ਜੀਐੱਸਟੀ ਹਟਾਉਣ ਲਈ 8 ਹਜ਼ਾਰ ਲੋਕਾਂ ਨੇ ਕੀਤੇ ਆਨਲਾਈਨ ਦਸਤਖ਼ਤ

ਸ੍ਰੀ ਦਰਬਾਰ ਸਾਹਿਬ ਵਿੱਚ ਚੱਲਦੇ ਲੰਗਰ ਨੂੰ ਜੀ.ਐੱਸ.ਟੀ. ਤੋਂ ਛੋਟ ਦਿਵਾਉਣ ਲਈ ਆਨਲਾਈਨ ਪਟੀਸ਼ਨ ’ਤੇ ਕਰੀਬ ਅੱਠ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ। ਪਟੀਸ਼ਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਕਿਸੇ ਵਿਤਕਰੇ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਛਕਾਏ ਜਾਂਦੇ ਲੰਗਰ ਤੋਂ ਜੀ.ਐੱਸ.ਟੀ. ਹਟਾਉਣ।
ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨੇ ਇਹ ਪਟੀਸ਼ਨ ਆਨਲਾਈਨ ਪਾਈ ਸੀ, ਜਿਸ ਦਾ ਲੋਕਾਂ ਨੇ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਜੀ.ਐੱਸ.ਟੀ. ਹਟਾਉਣ ਲਈ ਕਿਹਾ ਹੈ। ਹਿਮਾਂਸ਼ੂ ਪਾਠਕ ਨੇ ਕਿਹਾ ਕਿ ਦਰਬਾਰ ਸਾਹਿਬ ਨੂੰ ਜੀ.ਐੱਸ.ਟੀ. ਨੰਬਰ ਲੈਣ ਲਈ ਦੋ ਕਰੋੜ ਰੁਪਏ ਖਰਚਣੇ ਪਏ ਹਨ ਜਦਕਿ ਦੱਖਣ ਦੇ ਇਸ ਮੰਦਰ ਵਿੱਚ ਪ੍ਰਸ਼ਾਦ ਵੇਚ ਕੇ ਮੁਨਾਫ਼ਾ ਕਮਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੀ.ਐੱਸ.ਟੀ. ਕੌਂਸਲ ਨੇ ਹੀ ਉਕਤ ਮੰਦਰ ਨੂੰ ਇਹ ਛੋਟ ਦਿੱਤੀ ਸੀ।
ਕਾਂਗਰਸੀ ਆਗੂ ਹਿਮਾਂਸ਼ੂ ਪਾਠਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਦਰਬਾਰ ਸਾਹਿਬ ਦੇ ਲੰਗਰ ਤੋਂ ਜੀ.ਐੱਸ.ਟੀ. ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕਰਵਾ ਰਹੀ। ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰ ਸਰਕਾਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੀ  ਚੁੱਪ ਧਾਰੀ ਬੈਠੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ 2014 ਵਿੱਚ ਅੰਮ੍ਰਿਤਸਰ ਤੋਂ ਮਿਲੀ ਭਾਰੀ ਹਾਰ ਅਜੇ ਵੀ ਰੜਕ ਰਹੀ ਹੈ। ਇਸੇ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐੱਸ.ਟੀ. ਤੋਂ ਮੁਕਤ ਨਹੀਂ ਕਰ ਰਹੇ।

Post Author: admin

Leave a Reply

Your email address will not be published. Required fields are marked *