ਸਿਹਤ ਅਮਲੇ ਵੱਲੋਂ ਖਸਰੇ ਦੇ ਟੀਕਾਕਰਨ ਦੇ ਬਾਈਕਾਟ ਦਾ ਐਲਾਨ

ਇੱਥੇ ਸਿਵਲ ਹਸਪਤਾਲ ਵਿੱਚ ਇਸ ਸਮੇਂ ਕੋਈ ਮਾਹਿਰ ਡਾਕਟਰ ਮੌਜੂਦ ਨਾ ਹੋਣ ਕਰ ਕੇ ਮੁਲਾਜ਼ਮ ਸੰਘਰਸ਼ ਕਮੇਟੀ ਨੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਲੱਗ ਰਹੀ ਖਸਰਾ ਤੇ ਰੂਬੇਲਾ ਦੀ ਰੋਕਥਾਮ ਲਈ ਵੈਕਸੀਨ ਦੀ ਮੁਹਿੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਵਾਰੋ-ਵਾਰੀ ਸਰਕਾਰੀ ਮਾਹਿਰ ਡਾਕਟਰ ਆਪਣੀਆਂ ਨੌਕਰੀ ਛੱਡ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਇਹ ਹਸਪਤਾਲ ਡਾਕਟਰਾਂ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੂੰ ਇਸ ਦਾ ਕੋਈ ਫਿਕਰ ਨਹੀਂ ਤਾਂ ਉਹ ਵੀ ਇਸ ਮੁਹਿੰਮ ਦਾ ਬਾਈਕਾਟ ਕਰਨ ਲਈ ਮਜ਼ਬੂਰ ਹੋਣਗੇ। ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਸਿਕੰਦਰ ਸਿੰਘ ਘਰਾਂਗਣਾ ਤੇ ਕਨਵੀਨਰ ਮਨੋਜ ਕੁਮਾਰ ਨੇ ਕਿਹਾ ਕਿ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਸ ਸਮੇਂ ਐਮਰਜੈਂਸੀ ਨਾ ਦੇ ਮਾਤਰ ਹੈ। ਡਾਕਟਰ ਨਾ ਹੋਣ ਕਰਕੇ ਅਫਸਰਸ਼ਾਹੀ ਤੇ ਸਿਹਤ ਵਿਭਾਗ ਨੇ ਇਸ ਹਸਪਤਾਲ ਨੂੰ ਰੱਬ ਭਰੋਸੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਕੁੰਭਕਰਨੀ ਨੀਂਦ ਸੌਂ ਗਏ ਹਨ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇੱਕ ਤੋਂ ਬਾਅਦ ਇੱਕ ਸਰਕਾਰੀ ਡਾਕਟਰੀ ਨੌਕਰੀਆਂ ਛੱਡ ਕੇ ਆਪਣੇ ਪ੍ਰਾਈਵੇਟ ਕਲੀਨਿਕ ਖੋਲ੍ਹ ਰਹੇ ਹਨ। ਦੂਜੇ ਪਾਸੇ ਠੇਕੇ ‘ਤੇ ਭਰਤੀ ਮੁਲਾਜ਼ਮਾਂ ਨੂੰ ਲੰਬੇ ਸਮੇਂ ਦੀ ਸਰਵਿਸ ਹੋਣ ਦੇ ਬਾਵਜੂਦ ਘੱਟ ਤਨਖਾਹਾਂ ‘ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਹਿੰਮ ਦੇ ਬਾਈਕਾਟ ਦੀ ਕੋਈ  ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਵਾਸਤੇ ਪਹਿਲਾਂ ਤੋਂ ਟੀਮਾਂ ਬਣੀਆਂ ਹੋਈਆਂ ਹਨ। ਉਨ੍ਹਾਂ ਮੰਨਿਆ ਕਿ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਸਿਹਤ ਮਹਿਕਮਾ ਮਰੀਜ਼ਾਂ ਨੂੰ ਇਲਾਜ ਅਤੇ ਡਾਕਟਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।

Post Author: admin

Leave a Reply

Your email address will not be published. Required fields are marked *