ਸ. ਕੰਵਲਜੀਤ ਸਿੰਘ ਬਖਸ਼ੀ ਅੰਦਰੂਨੀ ਮਾਮਲਿਆਂ ਲਈ ਬੁਲਾਰੇ ਅਤੇ ਨਿਆਂਇਕ ਮਾਮਲਿਆਂ ਲਈ ਸਹਿ-ਬੁਲਾਰੇ ਨਿਯੁਕਤ

ਨੈਸ਼ਨਲ ਪਾਰਟੀ ਦੀਆਂ ਨਵ-ਨਿਯੁਕਤੀਆਂ ਤੇ ਫੇਰ ਬਦਲ

ਔਕਲੈਂਡ 12 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨੈਸ਼ਨਲ ਪਾਰਟੀ ਜੋ ਕਿ ਲੇਬਰ ਪਾਰਟੀ ਦੇ ਨਾਅਰੇ ‘ਲੈਟ ‘ਸ ਡੂ’ ਨੂੰ ‘ਲੈਟ ‘ਸ ਅਨਡੂ’ ਕਰਨ ਦੇ ਉਦੇਸ਼ ਨਾਲ ਹਰੇ ਰੰਗ ਦੀਆਂ ਪਾਰਲੀਮੈਂਟ ਕੁਰਸੀਆਂ ਉਤੇ ਬੈਠ ਕਈ ਰਾਜਨੀਤਕ ਮੁਦਿਆਂ ਉਤੇ ਨੀਲੀ ਤੋਂ ਲਾਲ ਰੰਗ ਦੀ ਹੋ ਜਾਂਦੀ ਹੈ, ਹੁਣ ਹੋਰ ਗੰਭੀਰ ਹੋ ਰਹੀ ਹੈ। ਨੈਸ਼ਨਲ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਨੇ ਅੱਜ ਪਾਰਟੀ ਦੀ ਕਾਰਜ ਪ੍ਰਣਾਲੀ ਨੂੰ ਹੋਰ ਤੇਜ਼ ਕਰਦਿਆਂ ਪਾਰਟੀ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਦੇ ਵਿਚ ਨਵ-ਨਿਯੁਕਤੀਆਂ ਅਤੇ ਫੇਰ ਬਦਲ ਕੀਤਾ ਹੈ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਸਰਕਾਰ ਦੇ ਅੰਦਰੂਨੀ ਮਾਮਲਿਆਂ ਉਤੇ ਪਾਰਖੂ ਨਜ਼ਰ ਰੱਖਣ ਲਈ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਅੰਦਰੂਨੀ ਮਾਮਲਿਆਂ (ਇੰਟਰਨਲ ਅਫੇਅਰਜ਼) ਦੇ ਅਧੀਨ ਪਾਸਪੋਰਟ, ਸਿਟੀਜ਼ਨਸ਼ਿੱਪ, ਜਨਮ, ਮੌਤ, ਵਿਆਹ, ਕਮਿਊਨਿਟੀ ਸਲਾਹ, ਸਹਾਇਤਾ ਗ੍ਰਾਂਟ, ਜੂਆ, ਸਥਾਨਕ ਸਰਕਾਰਾਂ (ਕੌਂਸਿਲਜ਼), ਸਰਕਾਰੀ ਖਰਚਾ ਰਿਪੋਰਟ, ਚੈਰਿਟੀ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਾਰਜ ਖੇਤਰ ਆਉਂਦੇ ਹਨ। ਜਦੋਂ ਕਿਤੇ ਲੇਬਰ ਸਰਕਾਰ ਦੀ ਗਲਤੀ ਨੈਸ਼ਨਲ ਪਾਰਟੀ ਦੀ ਨਜ਼ਰ ਵਿਚ ਆਈ ਤਾਂ ਸਰਦਾਰ ਸਾਹਿਬ ਉਨ੍ਹਾਂ ਦੀ ਜਵਾਬਦੇਹੀ ਵਾਸਤੇ ਐਕਸ਼ਨ ਲੈ ਸਕਣਗੇ।
ਇਸ ਦੇ ਨਾਲ ਹੀ ਸ. ਬਖਸ਼ੀ ਹੋਰਾਂ ਨੂੰ ਇਕ ਹੋਰ ਜ਼ਿੰਮੇਵਾਰੀ ਸੌਂਪਦਿਆਂ ਨਿਆਂਇਕ ਮਾਮਲਿਆਂ ਦੇ ਬੁਲਾਰੇ (ਸ੍ਰੀ ਮਾਰਕ ਮਿੱਚਲ) ਦੀ ਸਹਾਇਤਾ ਵਾਸਤ ਸਹਿ-ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਇਹ ਵੀ ਕਿਆਸ ਲਗਾਇਆ ਜਾਂਦਾ ਹੈ ਕਿ ਜਦੋਂ ਪਾਰਟੀ ਸੱਤਾ ਦੇ ਵਿਚ ਆਵੇਗੀ ਤਾਂ ਮੰਤਰਾਲੇ ਵੀ ਇਸੇ ਹਿਸਾਬ ਦੇ ਨਾਲ ਵੰਡੇ ਜਾ ਸਕਦੇ ਹਨ। ਇਨ੍ਹਾਂ ਦੋਹਾਂ ਮੰਤਰਾਲਿਆਂ ਉਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਜ ਪ੍ਰਣਾਲੀ  ਉਤੇ ਸ. ਬਖਸ਼ੀ ਗਹਿਰੀ ਨਜ਼ਰ ਰੱਖਣਗੇ ਅਤੇ ਪਾਰਲੀਮੈਂਟ ਦੇ ਵਿਚ ਵਿਰੋਧੀ ਧਿਰ ਦੀ ਆਵਾਜ਼ ਉਠਾਉਣਗੇ।

Post Author: admin

Leave a Reply

Your email address will not be published. Required fields are marked *