ਹਵਾਈ ਜਹਾਜ਼ ’ਚ ਉੱਡੇਗਾ ਸਰਕਾਰੀ ਖ਼ਜ਼ਾਨਾ

ਹਵਾਈ ਜਹਾਜ਼ ‘ਚ ‘ਆਮ ਆਦਮੀ’ ਨਹੀਂ, ਹੁਣ ਸਰਕਾਰੀ ਖ਼ਜ਼ਾਨਾ ਉੱਡੇਗਾ। ਕਿਸੇ ਵੀ ਹਵਾਬਾਜ਼ੀ ਕੰਪਨੀ  ਨੂੰ ਤੰਗੀ ਨਾ ਝੱਲਣੀ ਪਵੇ , ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਇਨ੍ਹਾਂ ਦਾ ਬੋਝ ਚੁੱਕਿਆ ਜਾਣਾ ਹੈ। ਹਾਲਾਂਕਿ ਪੰਜਾਬ ਦਾ ਵਿੱਤੀ ਸੰਕਟ ਕਿਸੇ ਤੋਂ ਲੁਕਿਆ ਨਹੀਂ ਪ੍ਰੰਤੂ ਹਵਾਬਾਜ਼ੀ ਕੰਪਨੀਆਂ ਦਾ ਹਰ ਘਾਟਾ ਸਰਕਾਰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਅਪਰੈਲ 2017 ਤੋਂ ਖੇਤਰੀ ਸੰਪਰਕ ਸਕੀਮ-ਉਡਾਣ ਸ਼ੁਰੂ ਕੀਤੀ ਗਈ ਹੈ। ਮੋਦੀ ਦਾ ਨਾਅਰਾ ਹੈ ਕਿ ‘ਉੱਡੇ ਦੇਸ਼ ਕਾ ਆਮ ਨਾਗਰਿਕ’। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਹੁਣ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ‘ਚ ਉੱਡੇਗਾ।
ਇਸ ਤਹਿਤ ਬਠਿੰਡਾ ਤੇ ਲੁਧਿਆਣਾ ਹਵਾਈ ਅੱਡੇ ਤੋਂ ਉਡਾਣਾਂ ਚਾਲੂ ਹਨ ਜਦੋਂ ਕਿ ਪਠਾਨਕੋਟ ਤੇ ਆਦਮਪੁਰ ਹਵਾਈ ਅੱਡੇ ਤੋਂ ਇਸੇ ਮਹੀਨੇ ਉਡਾਣ ਸ਼ੁਰੂ ਹੋਵੇਗੀ। ਕੇਂਦਰੀ ਹਵਾਬਾਜ਼ੀ ਮੰਤਰਾਲੇ ਦੇ
ਵੇਰਵਿਆਂ ਅਨੁਸਾਰ ਪੰਜਾਬ ਦੇ ਇਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਲਈ ਹਵਾਈ ਕੰਪਨੀਆਂ ਨੂੰ ਮੋਟਾ ਗੱਫਾ ਮਿਲੇਗਾ। ਕਿਸੇ ਵੀ ਹਵਾਈ ਉਡਾਣ ਵਿਚ ਪੰਜਾਹ ਫ਼ੀਸਦੀ ਸੀਟਾਂ ਖ਼ਾਲੀ ਰਹਿਣ ਦੀ ਸੂਰਤ ਵਿਚ ਇਨ੍ਹਾਂ ਸੀਟਾਂ ਦਾ ਖਰਚਾ ਸਰਕਾਰੀ ਖ਼ਜ਼ਾਨਾ ਚੁੱਕੇਗਾ। ਮਤਲਬ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸਬਸਿਡੀ ਦੇ ਰੂਪ ਵਿਚ ਪੈਸਾ ਦੇਵੇਗੀ। ਮੰਤਰਾਲੇ ਅਨੁਸਾਰ ਪੰਜਾਬ ਚੋਂ ਇਨ੍ਹਾਂ ਉਡਾਣਾਂ ਦੀ ਅਨੁਮਾਨਿਤ ਸਲਾਨਾ ਸਬਸਿਡੀ (ਵੀਜੀਐਫ) 21.95 ਕਰੋੜ ਬਣੇਗੀ। ਖੇਤਰੀ ਸੰਪਰਕ ਸਕੀਮ ਤਹਿਤ ਇਸ ਸਬਸਿਡੀ ਦੀ 80 ਫ਼ੀਸਦੀ ਰਾਸ਼ੀ ਕੇਂਦਰ ਅਤੇ 20 ਫ਼ੀਸਦੀ ਰਾਸ਼ੀ ਪੰਜਾਬ ਸਰਕਾਰ ਦੇਵੇਗੀ।  ਮੰਤਰਾਲੇ ਦੇ ਅਨੁਮਾਨ ਅਨੁਸਾਰ ਬਠਿੰਡਾ-ਦਿੱਲੀ ਹਵਾਈ ਉਡਾਣ ਦੀ ਅਨੁਮਾਨਿਤ ਸਬਸਿਡੀ 8.46 ਕਰੋੜ ਜਦੋਂ ਕਿ ਲੁਧਿਆਣਾ ਦਿੱਲੀ ਉਡਾਣ ਦੀ 5.15 ਕਰੋੜ ਬਣੇਗੀ। ਲੁਧਿਆਣਾ ਤੋਂ ਇੱਕ ਹੋਰ ਉਡਾਣ ਮਾਰਚ ਮਹੀਨੇ ‘ਚ ਹੀ ਸ਼ੁਰੂ ਹੋਣੀ ਹੈ ਜਿਸ ਦੀ ਅਨੁਮਾਨਿਤ ਰਾਸ਼ੀ 2.31 ਕਰੋੜ ਬਣਦੀ ਹੈ। ਪਠਾਨਕੋਟ ਦਿੱਲੀ ਉਡਾਣ ਦੀ ਅਨੁਮਾਨਿਤ ਸਬਸਿਡੀ 6.03 ਕਰੋੜ ਰੱਖੀ ਗਈ ਹੈ ਅਤੇ ਇਹ ਉਡਾਣ ਇਸੇ ਮਹੀਨੇ ਚਾਲੂ ਹੋਣੀ ਹੈ। ਬਠਿੰਡਾ-ਜੰਮੂ ਉਡਾਣ ਲਈ ਹਾਲੇ ਸਬਸਿਡੀ ਰੱਖੀ ਜਾਣੀ ਹੈ। ਆਦਮਪੁਰ ਦਿੱਲੀ ਲਈ ਸਪਾਈਸ ਜੈੱਟ ਵੱਲੋਂ ਇਸ ਮਹੀਨੇ ਹੀ ਉਡਾਣ ਸ਼ੁਰੂ ਕੀਤੀ ਜਾਣੀ ਹੈ ਜਿਸ ਨੂੰ 20 ਸੀਟਾਂ ਦੀ ਸਬਸਿਡੀ ਮਿਲੇਗੀ। ਬਠਿੰਡਾ-ਦਿੱਲੀ ਉਡਾਣ ਹਫ਼ਤੇ ’ਚ ਤਿੰਨ ਦਿਨ ਚੱਲ ਰਹੀ ਹੈ। ਦਿਨ ਵਧਦੇ ਹਨ ਤਾਂ ਸਬਸਿਡੀ ਦੀ ਰਾਸ਼ੀ ਵੀ ਵਧੇਗੀ।    ਜਦੋਂ ਵੀ ਇਨ੍ਹਾਂ ਉਡਾਣਾਂ ‘ਚ ਸੀਟਾਂ ਖ਼ਾਲੀ ਰਹਿਣਗੀਆਂ ਤਾਂ ਉਸ ਦਾ ਖਰਚਾ ਸਰਕਾਰੀ ਖ਼ਜ਼ਾਨਾ ਭਰੇਗਾ। ਕੇਂਦਰ ਸਰਕਾਰ ਵੱਲੋਂ ਖੇਤਰੀ ਸੰਪਰਕ ਸਕੀਮ ਤਹਿਤ 10 ਵਰ੍ਹਿਆਂ ਲਈ ਖ਼ਾਲੀ ਰਹੀਆਂ ਸੀਟਾਂ ’ਤੇ 80 ਫ਼ੀਸਦੀ ਸਬਸਿਡੀ ਅਤੇ ਸਰਵਿਸ ਟੈਕਸ ਛੋਟ ਤੋਂ ਇਲਾਵਾ ਦੋ ਫ਼ੀਸਦੀ ਕੇਂਦਰੀ ਟੈਕਸ ਵਿਚ ਰਿਆਇਤ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇਹ ਸਬਸਿਡੀ ਦੇਣ ਲਈ ‘ਖੇਤਰੀ ਸੰਪਰਕ ਫ਼ੰਡ’ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਵਾਈ ਕੰਪਨੀ ਨੂੰ ਵੈਟ ਜਾਂ ਜੀਐਸਟੀ ਵਿੱਚ ਇੱਕ ਫ਼ੀਸਦੀ ਛੋਟ ਦਿੱਤੀ ਜਾਵੇਗੀ। ਰਾਜ ਸਰਕਾਰ ਵੱਲੋਂ ਹਵਾਈ ਅੱਡਿਆਂ ਤੇ ਲੈਂਡਿੰਗ ਅਤੇ ਪਾਰਕਿੰਗ ਮੁਫ਼ਤ ਵਿਚ ਦਿੱਤੀ ਜਾਣੀ ਹੈ। ਬਿਜਲੀ,ਪਾਣੀ ਤੇ ਹੋਰ ਸਹੂਲਤਾਂ ਰਿਆਇਤੀ ਦਰਾਂ ਤੇ ਦਿੱਤੀਆਂ ਜਾਣਗੀਆਂ।
ਹਵਾਈ ਅੱਡਿਆਂ ਦੀ ਸੁਰੱਖਿਆ ਦੇ ਬਦਲੇ ਵੀ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਮਿਲੇਗਾ। ਬਠਿੰਡਾ ਦੇ ਹਵਾਈ ਅੱਡੇ ’ਤੇ ਕਰੀਬ 34 ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਹੋਮਗਾਰਡ ਦੇ ਜਵਾਨ ਵੀ ਤਾਇਨਾਤ ਹਨ। ਇਨ੍ਹਾਂ ਦਾ ਖਰਚਾ ਸਮੇਤ ਤਨਖ਼ਾਹ ਕਰੀਬ ਦੋ ਕਰੋੜ ਸਾਲਾਨਾ ਬਣਦਾ ਹੈ। ਕੇਂਦਰ ਅਤੇ ਰਾਜ ਸਰਕਾਰ ਨੇ ਇਸ ਤੋਂ ਪਹਿਲਾਂ 40 ਕਰੋੜ ਰੁਪਏ ਹਵਾਈ ਅੱਡੇ ਦੀ ਉਸਾਰੀ ਅਤੇ ਸੜਕਾਂ ਆਦਿ ਤੇ ਖ਼ਰਚ ਕੀਤੇ ਹਨ।

Post Author: admin

Leave a Reply

Your email address will not be published. Required fields are marked *