ਪ੍ਰਧਾਨ ਮੰਤਰੀ ਵੱਲੋਂ ਵਿਸ਼ਵ ’ਚ ਸੌਰ ਊਰਜਾ ਦੀ ਪੈਰਵੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਊਰਜਾ ਖੇਤਰ ਵਿੱਚ ਸੌਰ ਊਰਜਾ ਦਾ ਹਿੱਸਾ ਵਧਾਉਣ ਦੇ ਲਈ ਰਿਆਇਤੀ ਵਿਤੀ ਸਹਾਇਤਾ ਤੇ ਘੱਟ ਜ਼ੋਖ਼ਮ ਵਾਲੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ ਤਾਂ ਜੋ ਸਸਤੀ ਬਿਜਲੀ ਪੈਦਾ ਕੀਤੀ ਜਾ ਸਕੇ ਅਤੇ ਕਾਰਬਨ ਗੈਸਾਂ ਦੇ ਰਿਸਾਵ ਵਿੱਚ ਕਟੌਤੀ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆਂ ਦਾ ਸਭ ਤੋਂ ਵੱਡਾ ਨਵਿਆਊਣਯੋਗ ਊਰਜਾ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ 175 ਗੀਗਾਵਾਟ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੈਦਾ ਕੀਤੇ ਜਾਣ ਦਾ ਟੀਚਾ ਹੈ। ਇਸ ਤਹਿਤ ਇੱਕ ਸੌ ਗੀਗਾਵਾਟ ਊਰਜਾ ਸੌਰ ਊਰਜਾ ਤੋਂ ਅਤੇ 60 ਗੀਗਾਵਾਟ ਊਰਜਾ ਪੌਣ ਤੋਂ ਪੈਦਾ ਕੀਤੀ ਜਾਣੀ ਹੈ। ਭਾਰਤ 20 ਗੀਗਾਵਾਟ ਸੌਰ ਊਰਜਾ ਪਹਿਲਾਂ ਹੀ ਪੈਦਾ ਕਰ ਰਿਹਾ ਹੈ।


ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐਸਏ) ਦੇ ਮੁੱਖ ਯੋਜਨਾਕਾਰ ਪ੍ਰਧਾਨ ਮੰਤਰੀ ਮੋਦੀ ਇਸ ਗੱਠਜੋੜ ਵਿੱਚ 121 ਦੇਸ਼ਾਂ ਨੂੰ ਇਕੱਠਾ ਕਰਨਾ ਚਾਹੁੰਦੇ ਹਨ। 61 ਦੇਸ਼  ਇਸ ਗੱਠਜੋੜ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ 32 ਨੇ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਇਕਰਾਰ ਸਹੀ ਪਾ ਦਿੱਤੀ ਹੈ। ਉਨ੍ਹਾਂ ਇਸ ਦੇ ਲਈ 10 ਨੁਕਾਤੀ ਯੋਜਨਾ ਤਿਆਰ ਕੀਤੀ ਹੈ।  ਉਹ ਸਾਰੇ ਮੈਂਬਰ ਦੇਸ਼ਾਂ ਨੂੰ ਸਸਤੀ ਸੋਲਰ ਊਰਜਾ ਤਕਨੀਕ ਦੇਣ ਦੇ ਹਾਮੀ ਹਨ ਤਾਂ ਜੋ ਵਿਸ਼ਵ ਵਿੱਚ ਵੱਡੇ ਪੱਧਰ ਉੱਤੇ ਸੋਲਰ ਊਰਜਾ ਦਾ ਉਤਪਾਦਨ ਹੋ ਸਕੇ।
ਆਈਐਸਏ ਦੀ ਕਾਇਮੀ ਲਈ ਕਰਵਾਈ ਕਾਨਫਰੰਸ ਜਿਸ ਵਿੱਚ 23 ਦੇਸ਼ਾਂ ਦੇ ਮੁਖੀ ਸ਼ਾਮਲ ਹੋਏ ਤੇ 10 ਮੰਤਰੀ ਨੁਮਾਇੰਦੇ ਸ਼ਾਮਲ ਸਨ, ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ 2022 ਤੱਕ 175 ਗੀਗਾਵਾਟ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰੇਗਾ। ਇਹ ਇਸ ਸਮੇਂ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੈਦਾ ਹੁੰਦੀ ਬਿਜਲੀ ਦੇ ਨਾਲੋਂ ਦੁੱਗਣੀ ਤੋਂ ਵੀ ਵੱਧ ਹੋਵੇਗੀ। ਇਸ ਤਰ੍ਹਾਂ ਭਾਰਤ ਇਸ ਖੇਤਰ ਵਿੱਚ ਯੂਰਪ ਤੋਂ ਵੀ ਅੱਗੇ ਲੰਘ ਜਾਵੇਗਾ। ਇਸ ਮਿਸ਼ਨ ਦੇ ਲਈ 500 ਟਰੇਨਿੰਗ ਕੇਂਦਰ ਕਾਇਮ ਕੀਤੇ ਜਾਣਗੇ। ਆਈਐਸਏ ਦਾ ਮੁੱਖ ਕੇਂਦਰ ਗੁੜਗਾਉਂ ਵਿੱਚ ਸਥਾਪਿਤ ਕੀਤਾ ਹੈ ਤੇ ਇਸ ਦੀ ਸਥਾਪਨਾ ਪੈਰਿਸ ਸੰਧੀ ਤਹਿਤ ਕੀਤੀ ਹੈ ਤੇ ਇਹ ਹੁਣ ਅੰਤਰਰਾਸ਼ਟਰੀ ਸੰਸਥਾ ਬਣ ਗਈ ਹੈ। ਉਨ੍ਹਾਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਸਬੰਧੀ ਵੱਖ ਵੱਖ ਲੋੜਾਂ ਨੂੰ ਪੂਰਾ ਕਰਨ ਦੇ ਲਈ ਉਹ ਨਵੀਂਆਂ ਕਾਢਾਂ ਨੂੰ ਉਤਸ਼ਾਹਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸੌਰ ਊਰਜਾ ਪ੍ਰਾਜੈਕਟਾਂ ਲਈ ਰਿਆਇਤੀ ਵਿਤੀ ਪ੍ਰਬੰਧ ਕਰਨ ਦੀ ਲੋੜ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਵਿਤੀ ਵਰ੍ਹੇ 2018 ਤੇ 2022 ਤੱਕ 175 ਗੀਗਾਵਾਟ ਸੌਰ ਊਰਜਾ ਪੈਦਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ 83 ਅਰਬ ਅਮਰੀਕੀ ਡਾਲਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਖੁਸ਼ਹਾਲੀ ਆਵੇਗੀ ਸਗੋਂ ਵਾਤਾਵਰਣ ਵੀ ਸ਼ੁੱਧ ਹੋਵੇਗਾ। ਇਸ ਅਰਸੇ ਦੌਰਾਨ ਹੀ ਚੀਨ ਨੇ 3.46 ਗੀਗਾਵਾਟ ਸੌਰ ਊਰਜਾ ਪੈਦਾ ਕਰਨ ਦਾ ਟੀਚਾ ਰੱਖਿਆ ਹੈ।
ਆਈਐਸਏ ਦਾ ਮੁੱਖ ਉਦੇਸ਼ ਵਿਸ਼ਵ ਭਰ ਵਿੱਚ ਇੱਕ ਹਜ਼ਾਰ ਗੀਗਾਵਾਟ ਸੌਰ ਬਿਜਲੀ ਪੈਦਾ ਕਰਨ ਦਾ ਹੈ ਤੇ ਇਸ ਦੇ ਲਈ ਇੱਕ ਖਰਬ ਅਮਰੀਕੀ ਡਾਲਰ ਦੀੇ ਨਿਵੇਸ਼ ਲਈ ਤਿਆਰੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਆਪਕ ਪੱਧਰ ਉੱਤੇ ‘ਸੈਂਟਰਜ਼ ਆਫ ਐਕਸੇਲੈਂਸ’ ਕਾਇਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਆਈਐਸਏ ਦੇ ਮੁੱਖ ਸਕੱਤਰੇਤ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਮਨੁੱਖਤਾ ਦੇ ਭਲੇ ਲਈ ਸੰਕੀਰਨ ਨਿਜੀ ਏਜੰਡਿਆਂ ਦਾ ਤਿਆਗ ਕਰਨ ਦਾ ਸੱਦਾ ਦਿੱਤਾ।

Post Author: admin

Leave a Reply

Your email address will not be published. Required fields are marked *