ਇਨਸਾਨੀਅਤ ਉਪਰ ਪਹਿਰਾ ਦੇਣ ਵਾਲੀ ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ ਉਜਾਗਰ ਸਿੰਘ

ਜ਼ਿੰਦਗੀ ਪਰਮਾਤਮਾ ਦਾ ਇਨਸਾਨ ਨੂੰ ਦਿੱਤਾ ਇਕ ਵਾਰ ਬਿਹਤਰੀਨ ਤੋਹਫਾ ਹੈ। ਇਸ ਤੋਹਫੇ ਨੂੰ ਉਸਨੇ ਕਿਸ ਤਰਾਂ ਵਰਤਣਾ ਹੈ, ਇਹ ਇਨਸਾਨ ਦਾ ਆਪਣਾ ਫੈਸਲਾ ਹੁੰਦਾ ਹੈ। ਆਮ ਤੌਰ ਤੇ ਇਨਸਾਨ ਆਪਣੀ ਸਾਰੀ ਉਮਰ ਹੀ ਝਗੜਿਆਂ ਝੇੜਿਆਂ, ਦੁਸ਼ਮਣੀਆਂ, ਰੰਜਸ਼ਾਂ, ਲਾਲਸਾਵਾਂ, ਘੁਣਤਰਾਂ, ਚੁੰਜ ਪਹੁੰਚਿਆਂ ਅਤੇ ਖਹਿਬਾਜ਼ੀ ਵਿਚ ਹੀ ਗੁਜ਼ਾਰ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਕੁਦਰਤ ਦੀ ਇਸ ਦਾਤ ਦਾ ਸਦਉਪਯੋਗ ਕੀਤਾ ਜਾਵੇ। ਦੋਸਤੀਆਂ ਬਣਾਈਆਂ ਜਾਣ ਅਤੇ ਭਾਈਚਾਰਕ ਸੰਬੰਧਾਂ ਨੂੰ ਵਧਾਇਆ ਜਾਵੇ। ਜ਼ਿੰਦਗੀ ਨੂੰ ਆਨੰਦਮਈ ਢੰਗ ਨਾਲ ਜੀਵਿਆ ਜਾਵੇ। ਅਮਰੀਕ ਸਿੰਘ ਛੀਨਾ ਇਕ ਅਜਿਹਾ ਇਨਸਾਨ ਸੀ, ਜਿਹੜਾ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਹਮੇਸ਼ਾ ਖ਼ੁਸ਼ਮਿਜਾਜ ਰਹਿੰਦਾ ਸੀ। ਦੋਸਤ ਬਣਾਉਣੇ ਅਤੇ ਦੋਸਤੀਆਂ ਨਿਭਾਉਣਾ, ਹਰ ਦੋਸਤ ਦੇ ਦੁੱਖ ਸੁੱਖ ਦਾ ਸਾਥੀ ਬਣਨਾ ਉਸਦਾ ਸ਼ੌਕ ਸੀ। ਹਰ ਵਕਤ ਹਸਦੇ ਰਹਿਣਾ ਅਤੇ ਹਰ ਇਕ ਮਿਲਣ ਵਾਲੇ ਵਿਅਕਤੀ ਨਾਲ ਰਚ ਮਿਚ ਜਾਣਾ, ਇਹੀ ਉਸਦੀ ਜ਼ਿੰਦਗੀ ਦਾ ਨਿਸ਼ਾਨਾ ਸੀ। ਉਸਨੇ ਹਰ ਦੁਖ ਸੁਖ ਵਿਚ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਸੀ। ਉਹ ਇਕੱਲਾ ਰਹਿਣ ਵਿਚ ਯਕੀਨ ਨਹੀਂ ਰੱਖਦਾ ਸੀ, ਹਮੇਸ਼ਾ ਦੋਸਤਾਂ ਮਿਤਰਾਂ ਦੀ ਮਹਿਫਲ ਵਿਚ ਘਿਰਿਆ ਰਹਿੰਦਾ ਸੀ। ਉਸਦੀ ਦੋਸਤੀ ਦਾ ਦਾਇਰਾ ਵਿਸ਼ਾਲ ਸੀ। ਉਸਦੀ ਦੋਸਤੀ ਦੇ ਦਾਇਰੇ ਵਿਚ ਆਮ ਆਦਮੀ ਅਤੇ ਵੱਡੇ ਤੋਂ ਵੱਡੇ ਵਿਅਕਤੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬੇਅੰਤ ਸਿੰਘ ਅਤੇ ਜਸਦੇਵ ਸਿੰਘ ਸੰਧੂ ਨਾਲ ਉਸਦੇ ਨਿੱਜੀ ਸੰਬੰਧ ਸਨ। ਵੱਡੇ ਤੇ ਛੋਟੇ ਦੋਵੇਂ ਤਰਾਂ ਦੇ ਬੰਦਿਆਂ ਨਾਲ ਦੋਸਤੀ ਦਾ ਭਾਵ ਆਪਣੇ ਵਿਚ ਕੋਈ ਖਾਸ ਗੁਣ ਹੋਣਾ ਹੁੰਦਾ ਹੈ। ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਸੀ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਦਿੱਤਾ ਹੈ। ਪੈਪਸੂ ਦੀ ਵਿਰਾਸਤ ਸਮੁੱਚੇ ਦੇਸ ਦੀ ਵਿਰਾਸਤ ਤੋਂ ਵੱਖਰੀ, ਅਮੀਰ ਅਤੇ ਵਿਲੱਖਣ ਹੈ। ਇਸ ਵਿਰਾਸਤ ਨੂੰ ਬਣਾਉਣ ਅਤੇ ਪ੍ਰਫੁਲਤ ਕਰਨ ਵਿਚ ਸ਼ਾਹੀ ਘਰਾਣੇ ਦੇ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਸੰਸਾਰ ਵਿਚ ਪਟਿਆਲਾ ਸ਼ਾਹੀ ਰਵਾਇਤਾਂ ਅਤੇ ਪ੍ਰਾਹੁਣਚਾਰੀ ਦੀ ਵਿਲੱਖਣ ਪਹਿਚਾਣ ਹੈ। ਪਟਿਆਲਾ ਸ਼ਾਹੀ ਪਰਿਵਾਰ ਦਾ ਨਜ਼ਦੀਕੀ ਰਿਹਾ ਅਮਰੀਕ ਸਿੰਘ ਛੀਨਾ ਇਕ ਅਜਿਹੀ ਵਿਲੱਖਣ ਸ਼ਖ਼ਸ਼ੀਅਤ ਦਾ ਮਾਲਕ ਸੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਪੁਰਾਤਨ ਵਿਰਾਸਤ ਦੀਆਂ ਪ੍ਰਤੀਕ ਵਸਤਾਂ ਦੀ ਸਾਂਭ ਸੰਭਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਰਿਹਾ ਹੈ। ਅਮਰੀਕ ਸਿੰਘ ਛੀਨਾ ਦੀ ਵਿਰਾਸਤ ਵੀ ਕਾਫੀ ਅਮੀਰ ਸੀ। ਉਸਦਾ ਪਿਤਾ ਸੰਤ ਹਜ਼ਾਰਾ ਸਿੰਘ ਸੁਤੰਤਰਤਾ ਸੰਗਰਾਮੀ, ਸਮਾਜ ਸੇਵਕ, ਅਧਿਆਤਮਕ ਪ੍ਰਵਿਰਤੀ ਦਾ ਮਾਲਕ ਅਤੇ ਗ਼ਰੀਬਾਂ ਦਾ ਮਸੀਹਾ ਸੀ, ਜਿਹੜਾ ਗ਼ਰੀਬ ਲੋਕਾਂ ਦੇ ਹਰ ਦੁੱਖ ਸੁਖ ਦਾ ਸਾਥੀ ਸੀ। ਸੰਤ ਹਜ਼ਾਰਾ ਸਿੰਘ ਪ੍ਰਦੇਸਾਂ ਵਿਚ ਸਿੱਖ ਵਿਚਾਰਧਾਰਾ ਦੀ ਪਹਿਚਾਣ ਬਣਾਉਣ ਅਤੇ ਉਸਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਗੀ ਹਰਭਜਨ ਸਿੰਘ ਦਾ ਅਧਿਆਤਮਕ ਗੁਰੂ ਸੀ। ਪੰਜਾਬ ਦੀ ਸਿਆਸਤ ਵਿਚ ਵੀ ਉਹ ਮਹੱਤਵਪੂਰਨ ਯੋਗਦਾਨ ਪਾਉਂਦਾ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀਆਂ ਪਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ ਅਤੇ ਬੇਅੰਤ ਸਿੰਘ ਦਾ ਨਜ਼ਦੀਕੀ ਸੀ। ਵਿਰਾਸਤੀ ਪੰੂਜੀ ਦੇ ਨਾਲ ਅਮਰੀਕ ਸਿੰਘ ਛੀਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਐਸਾ ਇਤਫਾਕ ਹੋਇਆ ਕਿ ਉਹ ਹਰਫਨ ਮੌਲਾ ਬਣ ਗਿਆ ਅਤੇ ਉਸਦੀ ਸ਼ਖ਼ਸ਼ੀਅਤ ਵਿਚ ਨਿਖ਼ਾਰ ਆ ਗਿਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਬਲਿੳੂ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਣਾਈ ਗਈ ਸਿੱਖ ਫੋਰਮ ਦਾ ਉਹ ਜਨਰਲ ਸਕੱਤਰ ਵੀ ਰਿਹਾ। ਅਮਰੀਕ ਸਿੰਘ ਛੀਨਾ ਸਾਰੀ ਉਮਰ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਕੱਤਰ ਰਿਹਾ ਹੈ। ਇਸ ਕਰਕੇ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਿਆ ਸੀ। ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ਯੂਥ ਬ੍ਰੀਗੇਡ ਦਾ ਉਹ ਮਹੱਤਵਪੂਰਨ ਮੈਂਬਰ ਅਤੇ ਪੰਜਾਬ ਮਾਮਲਿਆਂ ਦਾ ਇਨਚਾਰਜ ਰਿਹਾ ਹੈ। ਉਹ ਪੰਜਾਬ ਯੂਥ ਕਾਂਗਰਸ ਦਾ ਸੰਯੁਕਤ ਸਕੱਤਰ, ਉਪ ਪ੍ਰਧਾਨ ਅਤੇ ਜਿਲਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦਾ ਪ੍ਰਧਾਨ ਵੀ ਰਿਹਾ ਹੈ। ਨੈਸ਼ਨਲ ਕਾੳੂਂਸਲ ਆਫ ਯੂਥ ਕਾਂਗਰਸ ਦਾ ਮੈਂਬਰ ਵੀ ਸੀ। ਪੰਜਾਬ ਯੂਥ ਕਾਂਗਰਸ ਵਿਚ ਉਸਦੇ ਨਾਲ ਕੰਮ ਕਰਨ ਵਾਲੇ ਉਸਦੇ ਸਾਥੀ ਜਗਮੋਹਨ ਸਿੰਘ ਕੰਗ, ਅਜੀਤਇੰਦਰ ਸਿੰਘ ਮੋਫਰ ਅਤੇ ਪਵਨ ਕੁਮਾਰ ਬਾਂਸਲ ਪੰਜਾਬ ਵਿਚ ਵਿਧਾਨਕਾਰ, ਮੰਤਰੀ ਅਤੇ ਕੇਂਦਰ ਵਿਚ ਲੋਕ ਸਭਾ ਦੇ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਹਨ। ਜਦੋਂ 1984 ਵਿਚ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਏ ਗਏ ਅਤੇ ਅਮਰੀਕ ਸਿੰਘ ਛੀਨਾ ਕੋ-ਕਨਵੀਨਰ ਬਣਾਇਆ ਗਿਆ। ਜਿਸ ਕਰਕੇ ਉਨਾਂ ਸਮੁੱਚੇ ਪੰਜਾਬ ਦੀਆਂ ਪੁਰਾਤਨ ਥਾਵਾਂ ਦੀ ਵੇਖ ਭਾਲ ਦਾ ਕੰਮ ਸੰਭਾਲਿਆ ਹੋਇਆ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਸ਼ ਪਾਤਰ ਸੀ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਸਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ ਜਿਨਾਂ ਵਿਚ ਕਿਲਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ ਦਾ ਕਿਲਾ, ਬਾਰਾਂਦਰੀ ਬਾਗ, ਪੋਲੋ ਗਰਾੳੂਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾੳੂਸ, ਰਾਜਿੰਦਰਾ ਕੋਠੀ, ਫਰਨ ਹਾੳੂਸ, ਜਿੰਮ ਖਾਨਾ ਕਲੱਬ ਅਤੇ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰੇ। ਜਦੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ 1993 ਵਿਚ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲਾ ਵਿਖਾਉਣ ਲਈ ਲੈ ਕੇ ਆਇਆ ਸੀ। ਪੋਲੋ ਗਰਾੳੂਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਸਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜਿਆਂ ਨੂੰ ਢਾਹੁਣ ਤੋਂ ਰੋਕਿਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਸਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ। ਸਹੀ ਅਰਥਾਂ ਵਿਚ ਅਮਰੀਕ ਸਿੰਘ ਛੀਨਾ ਇਕੱਲਾ ਇਕੱਹਿਰਾ ਹੀ ਇਕ ਸੰਸਥਾ ਜਿਤਨਾ ਕੰਮ ਕਰ ਰਿਹਾ ਸੀ। ਅਮਰੀਕ ਸਿੰਘ ਛੀਨਾ ਸਰਬਕਲਾਂ ਸੰਪੂਰਨ ਪੜਿਆ ਲਿਖਿਆ ਅਤੇ ਗੁੜਿਆ ਹੋਇਆ ਵਿਅਕਤੀ ਸੀ, ਜਿਹੜਾ ਹਰ ਖੇਤਰ ਦੀ ਬਾਰੀਕੀ ਨਾਲ ਜਾਣਕਾਰੀ ਰੱਖਦਾ ਸੀ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਮਾਹਿਰ ਸੀ। ਉਸ ਨਾਲ ਕਿਸੇ ਵਿਸ਼ੇ ਉਪਰ ਵਿਚਾਰ ਚਰਚਾ ਕਰ ਲਵ,ੋ ਹਮੇਸ਼ਾ ਸਾਰਥਕ ਅਤੇ ਉਸਾਰੂ ਵਿਚਾਰ ਪ੍ਰਗਟ ਕਰਦਾ ਸੀ। ਉਸਦੇ ਘਰ ਹਮੇਸ਼ਾ ਲੰਗਰ ਚਲਦਾ ਰਹਿੰਦਾ ਸੀ। ਗ਼ਰੀਬ ਲੜਕੀਆਂ ਪੜਾਈ ਅਤੇ ਵਿਆਹਾਂ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਸੀ। ਕਿਸੇ ਵੀ ਲੋੜਬੰਦ ਨੂੰ ਉਹ ਆਪਣੇ ਘਰੋਂ ਨਿਰਾਸ਼ ਹੋ ਕੇ ਨਹੀਂ ਜਾਣ ਦਿੰਦਾ ਸੀ। ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨਾਂ ਨੂੰ ਆਪਣੇ ਘਰ ਸਨੌਰ ਵਿਖੇ ਸੰਤ ਹਜ਼ਾਰਾ ਸਿੰਘ ਫਾਰਮ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦਾ ਸੀ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਇਆ ਸੀ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦਾ ਰਹਿੰਦਾ ਸੀ। ਸੰਗੀਤ ਦਾ ਉਹ ਸ਼ੈਦਾਈ ਸੀ, ਹੈਰਾਨੀ ਦੀ ਗੱਲ ਹੈ ਕਿ ਉਸਦੀ ਲਾਇਬਰੇਰੀ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਗੀਤ ਅਤੇ ਸੰਗੀਤ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਭੰਗੜੇ ਦਾ ਵੀ ਸ਼ੌਕੀਨ ਸੀ। ਉਸ ਵਿਚ ਇਹ ਗੁਣ ਸੀ ਕਿ ਹਰ ਡੈਲੀਗੇਸ਼ਨ ਦੀ ਪ੍ਰਾਹੁਣਚਾਰੀ ਉਹ ਖ਼ੁਦ ਆਪ ਕਰਦਾ ਸੀ। ਅਮਰੀਕ ਸਿੰਘ ਛੀਨਾ ਦੀ ਇਕ ਹੋਰ ਖ਼ੂਬੀ ਸੀ ਕਿ ਉਸ ਦੇ ਸੰਬੰਧ ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਮਹਾਂ ਪੁਰਸ਼ਾਂ ਨਾਲ ਇਕੋ ਜਿਹੇ ਸਨ। ਮਨੁਖਤਾ ਦੀ ਸੇਵਾ ਇਸ ਪਰਿਵਾਰ ਦਾ ਮੁੱਖ ਮੰਤਵ ਹੈ। ਆਪਦਾ ਪਰਿਵਾਰ ਬਾਬਾ ਬਿਧੀ ਚੰਦ ਦੀ ਸੰਪਰਦਾਇ ਨਾਲ ਜੁੜਿਆ ਹੋਇਆ ਹੈ। ਸ੍ਰ ਅਮਰੀਕ ਸਿੰਘ ਛੀਨਾ ਆਪਣੇ ਘਰ ਸੰਗਤਾਂ ਦਾ ਇਕੱਠ ਕਰਕੇ ਸੰਗੀਤ ਦੀਆਂ ਮਹਿਫਲਾਂ ਲਗਾਕੇ ਖ਼ੁਸ਼ ਹੁੰਦੇ ਸਨ। ਉਹ ਖ਼ੂਨ ਦਾਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਕੈਂਪ ਲਗਾਉਂਦਾ ਸੀ। ਰੋਟੇਰੀਅਨ ਦੇ ਤੌਰ ਤੇ ਅੰਬੈਸਡਰ ਆਫ ਗੁਡਵਿਲ ਦੇ ਤੌਰ ਤੇ ਫਿਨਲੈਂਡ ਅਤੇ ਇੰਗਲੈਂਡ ਵੀ ਗਿਆ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਫਰਾਂਸ ਅਤੇ ਪੱਛਵੀਂ ਜਰਮਨੀ ਦੀ ਯਾਤਰਾ ਵੀ ਕੀਤੀ। ਸਮਾਜ ਸੇਵਾ ਦੀ ਪਰੰਪਰਾ ਇਸ ਪਰਿਵਾਰ ਨੇ ਕਰਨਬੀਰ ਸਿੰਘ ਛੀਨਾ ਜੋ ਕਿ ਇਸ ਸਮੇਂ ਰੀਜਨਲ ਟਰਾਂਸਪੋਰਟ ਅਥਾਰਟੀ ਸੰਗਰੂਰ ਹਨ ਰਾਹੀਂ ਬਰਕਰਾਰ ਰੱਖੀ ਹੋਈ ਹੈ। ਸ੍ਰ.ਅਮਰੀਕ ਸਿੰਘ ਛੀਨਾ ਦੇ ਯੋਗਦਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਉਨਾਂ ਦੀ ਨਿੱਘੀ ਯਾਦ ਵਿਚ ਬਾਬਾ ਬਿਧੀ ਚੰਦ ਦੀ ਅੰਸ-ਬੰਸ ਵਿਚੋਂ ਬਾਬਾ ਅਵਤਾਰ ਸਿੰਘ ਅਤੇ ਬਾਬਾ ਗੁਰਬਚਨ ਸਿੰਘ ਆਪਣੇ ਲਾਮ ਲਸ਼ਕਰ ਨਾਲ, ਜਿਸ ਵਿਚ ਘੋੜੇ ਅਤੇ ਹਾਥੀ ਸ਼ਾਮਲ ਹੋਣਗੇ ਸਨੌਰ ਵਿਖੇ ਉਨਾਂ ਦੇ ਘਰ ਸੰਤ ਫਾਰਮ ਸੰਤ ਹਜ਼ਾਰਾ ਸਿੰਘ ਨਗਰ ਵਿਖੇ ਸ੍ਰੀ ਅਖੰਡਪਾਠ ਸਾਹਿਬ ਕਰਵਾ ਰਹੇ ਹਨ। 11 ਮਾਰਚ ਨੂੰ ਇਕ ਵੱਡਾ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਹਜ਼ਾਰਾਂ ਸੰਗਤਾਂ ਸ਼ਾਮਲ ਹੋਣਗੀਆਂ। ਘੋੜ ਸਵਾਰ ਅਤੇ ਹਾਥੀਆਂ ਉਪਰ ਨਿਹੰਗ ਸਿੰਘ ਆਪਣੇ ਕਰਤਵ ਵਿਖਾਉਣਗੇ। ਇਸ ਮੌਕੇ ਤੇ ਇਕ ਖ਼ੂਨ ਦਾਨ ਕੈਂਪ ਵੀ ਆਯੋਜਤ ਕੀਤਾ ਜਾਵੇਗਾ। ਪੰਜਾਬੀ ਵਿਰਾਸਤ ਦੇ ਰਖਵਾਲੇ ਅਮਰੀਕ ਸਿੰਘ ਛੀਨਾ ਦੀ ਯਾਦ ਹਮੇਸ਼ਾ ਤਾਜਾ ਰਹੇਗੀ।
ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜਿਲੇ ਦੇ ਦੋਰਾਹਾ ਵਿਖੇ ਹੋਇਆ। ਫਿਰ ਇਹ ਪਰਿਵਾਰ ਪਟਿਆਲਾ ਜਿਲੇ ਦੇ ਸਨੌਰ ਕਸਬੇ ਦੇ ਬਾਹਰਵਾਰ ਆਕੇ ਖੇਤਾਂ ਵਿਚ ਵਸ ਗਿਆ। ਬੀ.ਏ.ਤੱਕ ਦੀ ਪੜਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨਾਂ ਦੀ ਪਤਨੀ ਸ੍ਰੀਮਤੀ ਸਤਵੰਤ ਕੌਰ ਛੀਨਾ, ਸਪੁੱਤਰ ਕਰਨਵੀਰ ਸਿੰਘ ਛੀਨਾ, ਨੂੰਹ ਪੁਸ਼ਪਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

.

Post Author: admin

Leave a Reply

Your email address will not be published. Required fields are marked *