ਹਰਿਆਣਾ ਬਜਟ: ਕੋਈ ਨਵਾਂ ਟੈਕਸ ਨਹੀਂ; ਗੈਸ ’ਤੇ ਵੈਟ ਘਟਾਇਆ

ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਅੱਜ ਸੂਬੇ ਦਾ  1,15,198.29 ਕਰੋੜ ਰੁਪਏ ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ। ਸਨਅਤਾਂ ਵੱਲੋਂ ਵਰਤੀ ਜਾਂਦੀ ਕੁਦਰਤੀ ਗੈਸ ’ਤੇ ਵੈਟ 12.5 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। ਸੂਬੇ ਦਾ ਮਾਇਕ ਘਾਟਾ ਪਿਛਲੇ ਸਾਲ ਦੇ 17240.45 ਕਰੋੜ ਨਾਲੋਂ ਵਧ ਕੇ 19399.34 ਕਰੋੜ ਹੋ ਜਾਵੇਗਾ। ਹਰਿਆਣਾ ਸਰਕਾਰ ਨੇ ਬਜਟ ਨੂੰ ਵਿਕਾਸ ਮੁਖੀ ਦੱਸਿਆ ਹੈ ਪਰ ਵਿਰੋਧੀ ਧਿਰ ਨੇ ਬਜਟ ਨੂੰ ਦਿਸ਼ਾਹੀਣ ਅਤੇ ਨਿਰਾਸ਼ਾਜਨਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕਰਜ਼ਾ ਲੈ ਕੇ ਸੂਬੇ ਦੇ ਲੋਕਾਂ ’ਤੇ 90,226 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ। ਕਰਜ਼ੇ ਦੇ ਬੋਝ ਬਾਰੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੀ ਦਲੀਲ ਹੈ ਕਿ ਕਰਜ਼ਾ ਵਿੱਤੀ ਪ੍ਰਬੰਧ ਅਤੇ ਜ਼ਿੰਮੇਵਾਰੀ ਐਕਟ ਦੀ ਤਿੰਨ ਫੀਸਦੀ ਹੱਦ ਵਿੱਚ ਹੈ ਅਤੇ ਰਾਜ ਸਰਕਾਰ 19,366.99 ਕਰੋੜ ਦਾ ਅਜੇ ਹੋਰ ਕਰਜ਼ਾ ਲੈ ਸਕਦੀ ਹੈ। ਹਰਿਆਣਾ ਸਰਕਾਰ ਦਾ ਬਜਟ ਪਿਛਲੇ ਸਾਲ ਦੇ 1,02,329.35 ਕਰੋੜ ਰੁਪਏ ਤੋਂ 14,791.38 ਕਰੋੜ ਰੁਪਏ ਵਧ ਹੈ ਜਿਹੜਾ 12.6 ਫੀਸਦੀ ਵਧ ਬਣਦਾ ਹੈ। ਵਿੱਤ ਮੰਤਰੀ ਦਾ ਅਨੁਮਾਨ ਹੈ ਕਿ ਸੂਬੇ ਨੂੰ 76,933.02 ਕਰੋੜ ਰੁਪਏ ਦੀਆਂ ਮਾਲੀਆ ਪ੍ਰਾਪਤੀਆਂ ਹੋਣਗੀਆਂ। ਇਸ ਵਿੱਚ ਸੂਬੇ ਦੀਆਂ 49,131.74 ਕਰੋੜ ਰੁਪਏ ਦੀਆਂ ਆਪਣੀਆਂ ਟੈਕਸ ਪ੍ਰਾਪਤੀਆਂ ਅਤੇ 11,302.66 ਗ਼ੈਰ ਟੈਕਸ ਮਾਲੀਆ ਪ੍ਰਾਪਤੀਆਂ ਹਨ। ਟੈਕਸ ਪ੍ਰਾਪਤੀਆਂ ਵਿੱਚ ਮੁੱਖ ਸਾਧਨ ਜੀਐਸਟੀ ਤੋਂ 23,760 ਕਰੋੜ, ਵੈਟ ਤੋਂ 11,440 ਕਰੋੜ, ਆਬਕਾਰੀ ਫੀਸ ਤੋਂ 6,000 ਕਰੋੜ, ਅਸ਼ਟਾਮ ਅਤੇ ਰਜਿਸਟਰੇਸ਼ਨ ਤੋਂ 4500 ਕਰੋੜ ਰੁਪਏ ਮਿਲਣੇ ਹਨ। ਗ਼ੈਰ ਟੈਕਸ ਪ੍ਰਾਪਤੀਆਂ ਵਿੱਚ ਈਡੀਸੀ ਤੋਂ 4000 ਕਰੋੜ, ਟਰਾਂਸਪੋਰਟ ਤੋਂ 2000 ਕਰੋੜ ਅਤੇ ਖਣਨ ਤੋਂ 800 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਅਗਲੇ ਵਿੱਤੀ ਸਾਲ ਵਿੱਚ ਅੱਠ ਫੀਸਦੀ ਵਿਕਾਸ ਦਰ ਪ੍ਰਾਪਤ ਕਰ ਲਵੇਗਾ ਜਦੋਂ ਕਿ ਕੌਮੀ ਪੱਧਰ  ਦੀ ਦਰ 6.6 ਫੀਸਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਸੂਬੇ ਦੀ ਪ੍ਰਤੀ ਜੀਅ ਆਮਦਨ 1,96,982 ਰੁਪਏ ਹੋਣ ਦੀ ਆਸ ਹੈ ਜਿਹੜੀ ਦੇਸ਼ ਭਰ ਵਿੱਚੋਂ ਸਭ ਤੋਂ ਵਧ ਹੈ।

Post Author: admin

Leave a Reply

Your email address will not be published. Required fields are marked *