ਟਰੂਡੋ ਫੇਰੀ ਵਿਵਾਦ: ਅਟਵਾਲ ਨੇ ਮੰਗੀ ਮੁਆਫ਼ੀ

 

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਿਛਲੇ ਮਹੀਨੇ ਭਾਰਤ ਫੇਰੀ ਦੌਰਾਨ ਚਰਚਾ ਵਿੱਚ ਆਏ ਸਰੀ ਦੇ ਕਾਰੋਬਾਰੀ ਅਤੇ ਸਜ਼ਾਯਾਫ਼ਤਾ ਖਾੜਕੂ ਜਸਪਾਲ ਅਟਵਾਲ ਨੇ ਉਸਦੇ ਕਰਕੇ ਜਸਟਿਸ ਟਰੂਡੋ ਅਤੇ ਭਾਰਤ ਨੂੰ ਝੱਲਣੀ ਪਈ ਨਮੋਸ਼ੀ ਲਈ ਮੁਆਫ਼ੀ ਮੰਗੀ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਖਾਲਿਸਤਾਨ ਦੀ ਲਹਿਰ ਦਾ ਸਮਰਥਨ ਨਹੀਂ ਕਰਦਾ।
ਦੱਸਣਯੋਗ ਹੈ ਕਿ ਇਹ ਮਾਮਲਾ ਉਦੋਂ ਭਖਿਆ ਜਦੋਂ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਅਟਵਾਲ ਦੀਆਂ ਟਰੂਡੋ ਦੀ ਪਤਨੀ ਸੋਫੀ ਅਤੇ ਹੋਰ ਅਧਿਕਾਰੀਆਂ ਨਾਲ ਫੋਟੋਆਂ ਖਿੱਚੀਆਂ ਗਈਆਂ। ਉਸਨੂੰ ਟਰੂਡੋ ਦੀ ਇੱਕ ਹਫ਼ਤੇ ਦੀ ਭਾਰਤ ਫੇਰੀ ਦੌਰਾਨ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਦੀ ਰਿਹਾਇਸ਼ ’ਤੇ ਰੱਖੇ ਰਾਤਰੀ ਭੋਜ ਲਈ ਵੀ ਸੱਦਾ ਦਿੱਤਾ ਗਿਆ ਸੀ। ਬਾਅਦ ਵਿੱਚ ਇਹ ਸੱਦਾ ਵਾਪਸ ਲੈ ਲਿਆ ਗਿਆ ਸੀ। 62 ਸਾਲਾ ਅਟਵਾਲ ਨੇ ਕਈ ਦਿਨਾਂ ਦੀ ਚੁੱਪੀ ਮਗਰੋਂ ਇੱਥੇ ਆਪਣੇ ਵਕੀਲ ਦੇ ਦਫ਼ਤਰ ਵਿੱਚ ਰੱਖੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਸਨੂੰ ਭਾਰਤੀ ਅਫਸਰਾਂ ਵੱਲੋਂ ਵਰਤੇ ਜਾਣ ਵਿੱਚ ਰਤਾ ਵੀ ਸੱਚਾਈ ਨਹੀਂ ਹੈ। ਉਸਨੇ ਕਿਹਾ ਕਿ ਉਸਨੂੰ ਜਸਟਿਨ ਟਰੂਡੋ ਨਾਲ ਖਾਣੇ ਦੀ ਦਾਅਵਤ ਦਾ ਸੱਦਾ ਭਾਰਤ ਵਿੱਚ ਕੈਨੇਡੀਅਨ ਸਫੀਰ ਵੱਲੋਂ ਦਿੱਤਾ ਗਿਆ ਸੀ, ਜਿਸਦੀ ਸਿਫਾਰਸ਼ ਉਸਨੇ ਸਰੀ ਸੈਂਟਰਲ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਸਾਂਸਦ ਰਣਦੀਪ ਸਿੰਘ ਸਰਾਏ ਤੋਂ ਕਰਵਾਈ ਸੀ। ਉਸਨੇ ਕਿਹਾ ਕਿ ਬੇਸ਼ੱਕ ਉਸਨੇ 1986 ਵਿੱਚ ਕੈਨੇਡਾ ਆਏ ਪੰਜਾਬ ਦੇ ਰਾਜ ਮੰਤਰੀ ਉਤੇ ਹਮਲਾ ਕੀਤਾ ਸੀ ਪਰ ਉਹ ਪੰਜਾਬ ਦੇ ਤਤਕਾਲੀ ਹਾਲਾਤ ਵਿੱਚੋਂ ਉਪਜੇ ਗੁੱਸੇ ਦਾ ਨਤੀਜਾ ਸੀ, ਜਿਸਦਾ ਉਸਨੂੰ ਪਛਤਾਵਾ ਵੀ ਹੈ।

ਜਸਪਾਲ ਅਟਵਾਲ ਨੇ ਲਿਖਤੀ ਬਿਆਨ ਜਾਰੀ ਕੀਤਾ ਅਤੇ ਪੱਤਰਕਾਰਾਂ ਨੂੰ ਕਿਸੇ ਵੀ ਸਵਾਲ ਦਾ ਉੱਤਰ ਉਸਦੇ ਵਕੀਲ ਤੋਂ ਲੈਣ ਲਈ ਕਿਹਾ। ਪੱਤਰਕਾਰਾਂ ਵੱਲੋਂ ਸਵਾਲ ਵਕੀਲ ਦੀ ਥਾਂ ਅਟਵਾਲ ਤੋਂ ਪੁੱਛੇ ਜਾਣ ਦੇ ਯਤਨਾਂ ਦੌਰਾਨ ਉਸਦੇ ਵਕੀਲ ਦੀ ਇੱਕ ਪੱਤਰਕਾਰ ਨਾਲ ਤਲਖਕਲਾਮੀ ਵੀ ਹੋ ਗਈ। ਅਟਵਾਲ ਵੱਲੋਂ ਆਪਣਾ ਬਿਆਨ ਆਪ ਪੜ੍ਹਕੇ ਸੁਣਾਇਆ ਗਿਆ। ਉਸਨੇ ਕਿਹਾ ਕਿ ਉਹ ‘ਹੈਰਾਨ ਅਤੇ ਪ੍ਰੇਸ਼ਾਨ’ ਹੋ ਗਿਆ ਜਦੋਂ ਉਸ ਦੀ ਦਾਅਵਤ ਵਿੱਚ ਸ਼ਿਰਕਤ ਕਾਰਨ ਵਿਵਾਦ ਖੜ੍ਹਾ ਹੋ ਗਿਆ। ਉਸਨੇ ਅੱਗੇ ਕਿਹਾ, ‘‘ਇਸ ਮਸਲੇ ਕਾਰਨ ਕੈਨੇਡਾ, ਭਾਰਤ, ਮੇਰੇ ਭਾਈਚਾਰੇ, ਪਰਿਵਾਰ ਅਤੇ ਦੋਸਤਾਂ ਨੂੰ ਝੱਲਣੀ ਪਈ ਨਮੋਸ਼ੀ ਲਈ ਮੈਂ ਮੁਆਫ਼ੀ ਮੰਗਦਾ ਹਾਂ।’’ ਉਸਦੇ ਹਾਵ-ਭਾਵ ਦਰਸਾ ਰਹੇ ਸਨ ਕਿ ਉਸ ਨੇ ਕਾਨੂੰਨੀ ਦਾਅ ਪੇਚਾਂ ਤੋ ਬਚਣ ਲਈ ਵਕੀਲ ਦੀ ਮੱਦਦ ਲਈ ਹੋ ਸਕਦੀ ਹੈ। ਉਸਨੇ ਵਾਰ-ਵਾਰ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਵੀਜ਼ੇ ’ਤੇ ਹੀ ਪਿਛਲੇ ਸਾਲ ਦੋ ਵਾਰ ਭਾਰਤ ਗਿਆ ਅਤੇ ਇਸ ਵਾਰ ਵੀ ਗਿਆ। ਜੇਕਰ ਉਸਦੇ ਭਾਰਤ ਵਿਰੋਧੀ ਕਿਸੇ ਜਥੇਬੰਦੀ ਨਾਲ ਸਬੰਧ ਹੁੰਦੇ ਤਾਂ ਭਾਰਤ ਸਰਕਾਰ ਉਸ ਨੂੰ ਵੀਜ਼ਾ ਨਾ ਦਿੰਦੀ।

Post Author: admin

Leave a Reply

Your email address will not be published. Required fields are marked *