ਡੰਗ ਅਤੇ ਚੋਭਾਂ/ ਗੁਰਮੀਤ ਪਲਾਹੀ/ ਹਨੇਰੇ ਦੀ ਇਹ ਸੜਕ ਉਸ ਮੰਜ਼ਿਲ ਤੱਕ ਜਾਂਦੀ ਤਾਂ ਹੈ!

 

ਤ੍ਰਿਪੁਰਾ ‘ਚ 25 ਸਾਲ ਬਾਅਦ ਖੱਬੇ ਮੋਰਚੇ ਨੂੰ ਸੱਤਾ ਤੋਂ ਲਾਂਭੇ ਕਰਨ ‘ਚ ਕਾਮਯਾਬ ਹੋਈ ਭਾਜਪਾ ਨੇ ਇਸਨੂੰ 2019 ਦਾ ਟ੍ਰੇਲਰ ਕਰਾਰ ਦਿੱਤਾ ਹੈ। ਤ੍ਰਿਪੁਰਾ ‘ਚ ਭਾਜਪਾ 60 ਵਿਚੋਂ 43 ਅਸੰਬਲੀ ਸੀਟਾਂ ਜਿੱਤ ਗਈ, ਨਾਗਾਲੈਂਡ ‘ਚ ਭਾਜਪਾ ਤੇ ਐਨ.ਡੀ.ਪੀ.ਪੀ. 60 ਵਿਚੋਂ 29 ਸੀਟਾਂ ਲੈ ਗਈ ਹੈ। ਭਾਜਪਾ ਵਲੋਂ ਪਹਿਲਾਂ ਕਾਂਗਰਸ ਮੁੱਕਤ ਦਾ ਨਾਹਰਾ ਦਿਤਾ ਸੀ ਹੁਣ ਭਾਜਪਾ ਵਲੋਂ ਖੱਬਾ ਮੋਰਚਾ ਮੁਕਤ ਦਾ ਨਾਹਰਾ ਦਿੱਤਾ ਹੈ। ਇਸ ਸਬੰਧੀ ਭਾਜਪਾ ਰਾਸ਼ਟਰੀ ਪ੍ਰਧਾਨ  ਅਮਿਤ ਸ਼ਾਹ ਨੇ ਕਿਹਾ ਕਿ ਇਹਨਾ ਨਤੀਜਿਆਂ ਤੋਂ ਸਾਫ ਹੈ ਕਿ ਕਾਂਗਰਸ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ ਤੇ ਲੈਫਟ (ਖੱਬਾ ਮੋਰਚਾ) ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਲਈ (ਰਾਈਟ) ਸਹੀ ਨਹੀਂ ਹੈ।

ਵੇਖੋ ਨਾ ਜੀ, ਦੇਸ਼ ਇੱਕ ਵਿਚਾਰ, ਇੱਕ ਸਿਧਾਂਤ ਇੱਕ ਨੇਤਾ ਦੇ ਇਕੋ ਇੱਕ ਉਦੇਸ਼ ਵੱਲ ਵੱਧ ਰਿਹਾ ਹੈ। ਵੇਖੋ ਨਾ ਜੀ, ਦੇਸ਼ ‘ਚ ਇੱਕ ਇਤਿਹਾਸ, ਇੱਕ ਸੰਸਕ੍ਰਿਤੀ, ਇੱਕ ਭਾਸ਼ਾ ਦਾ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਵੇਖੋ ਨਾ ਜੀ, ਦੇਸ਼ ‘ਚ ਰਹੇਗਾ ਇੱਕ ਧਰਮ (ਹਿੰਦੋਸਤਾਨ ‘ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ), ਇੱਕੋ ਜਿਹੀ ਨਾਗਰਿਕ ਸੋਚ, ਅਤੇ ਬੱਸ ਇਥੇ ਹੋਏਗਾ ਇਕੋ ਚੁਣਾਉ, ਪੰਚਾਇਤ ਤੋਂ ਲੈ ਕੇ ਸੰਸਦ ਤੱਕ।

ਜਦ ਧਰਮ ਹੀ ਇੱਕ ਹੋਣਾ ਹੈ, ਜਦ ਵਿਚਾਰ ਹੀ ਇੱਕ ਹੋਣਾ ਹੈ, ਜਦ ਭਾਸ਼ਾ ਹੀ ਇੱਕ ਹੋਣੀ ਹੈ ਹਮਕੋ ਤੁਮਕੋ, ਜਦ ਚੋਣ ਹੀ ਇੱਕ ਹੋਣੀ ਹੈ ਤਾਂ ਫਿਰ “ਕਾਂਗਰਸ ਗ੍ਰਾਸ” ਦੀ ਕੀ ਲੋੜ? ਤਾਂ ਫਿਰ ਲੈਫਟ-ਰਾਈਟ ਕੀ ਕਰਨੇ ਹਨ? ਫਿਰ ਤਾਂ ਚਾਹੀਦਾ ਆ, ਇਕੋ ਇੱਕ ਸ਼ਾਹ! ਅਮਿਤ ਸ਼ਾਹ! ਫਿਰ ਤਾਂ ਚਾਹੀਦਾ ਆ ਮੋਦੀ, ਬੱਸ ਇਕੋ ਇੱਕ ਨਰੇਂਦਰ ਮੋਦੀ! ਫਿਰ ਤਾਂ ਚਾਹੀਦਾ ਆ ਇੱਕੋ ਇੱਕ ਭਗਵਤ, ਆਰ ਐਸ ਐਸ ਭਗਵਤ! ਤਦੇ ਆਮ ਆਦਮੀ ਸਮਝ ਸਕੇਗਾ, “ਹਨੇਰੇ ਦੀ ਇਹ ਸੜਕ ਉਸ ਮੰਜ਼ਿਲ ਤੱਕ ਜਾਂਦੀ ਤਾਂ ਹੈ! ਜਿਥੇ ਹਨੇਰਾ ਹੋਏਗਾ, ਬਸ ਹਨੇਰਾ ਹੋਏਗਾ, ਇੱਕ ਹੱਥ ਦੂਜੇ ਹੱਥ ਨੂੰ ਪਛਾਣ ਹੀ ਨਹੀਂ ਸਕੇਗਾ” ਹੈ ਕਿ ਨਾ?”

ਹੇਠਾਂ ਉਤੇ ਰੱਖਕੇ ਇੱਕ ਦਿਲਕਸ਼ ਮੁਸਕਾਨ,

ਕਰਦਾ ਹਾਂ ਮੈਂ ਰੋਜ਼ ਹੀ ਸ਼ੀਸ਼ੇ ਨੂੰ ਗੁਮਰਾਹ

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਸ਼ਬਦੀ ਜੰਗ ਵਿੱਚ ਫਸ ਗਏ ਜਦੋਂ ਪ੍ਰਧਾਨ ਮੰਤਰੀ ਨੇ ਕੈਪਟਨ ‘ਤੇ “ਸੁਤੰਤਰ ਫੌਜੀ” ਹੋਣ ਵਾਲੀ ਟਿੱਪਣੀ ਕਰ ਦਿਤੀ। ਮੋਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਸੂਬੇ ਵਿੱਚ ਕਾਂਗਰਸ ਦੇ ਮੁੱਖਮੰਤਰੀ ਹਨ, ਨਾ ਹੀ ਉਹ (ਮੁੱਖਮੰਤਰੀ) ਅਤੇ ਨਾ ਹੀ ਉਹ (ਪਾਰਟੀ) ਇਕ ਦੂਜੇ ਨੂੰ ਆਪਣਾ ਸਮਝਦੇ ਹਨ। ਉਹ ਇੱਕ ਸੁਤੰਤਰ ਫੌਜੀ ਹਨ। ਮੋਦੀ ਦੀਆਂ ਹਲਕੀਆਂ ਟਿਪਣੀਆਂ ਬਾਰੇ ਕੈਪਟਨ ਨੇ ਕਿਹਾ ਕਿ ਮੋਦੀ ਦੇ ਬਿਆਨ ਹੋਛੇ ਹਨ ਅਤੇ ਉਹ ਮੇਰੇ ਅਤੇ ਪਾਰਟੀ ਵਿੱਚ ਪਾੜਾ ਨਹੀਂ ਪਾ ਸਕਦੇ। ਪਾਰਟੀ  ਨੂੰ ਉਹਨਾ ਦੀ ਅਤੇ ਉਹਨਾ ਨੂੰ ਪਾਰਟੀ ਦੀ ਲੀਡਰਸ਼ਿਪ ਤੇ ਭਰੋਸਾ ਹੈ।

ਭਰਾਵਾਂ ਤੂੰ ਕੌਣ? ਰੁਕੋ! ਠਹਿਰੋ! ਸੁਣੋ! ਰੁਕੋ ਰਤਾ, ਦੱਸਦਾ ਹਾਂ ਮੈਂ! ਸੁਣੋ, ਮੈਂ ਹਾਂ ਦੇਸ਼ ਦਾ ਹਾਕਮ!! ਭਰਾਵਾਂ ਤੂੰ ਕੌਣ? ਰੁਕੋ ਠਹਿਰੋ! ਸੁਣੋ, ਦੱਸਦਾ ਹਾਂ ਮੈ! ਸੁਣੋ ਮੈਂ ਹਾਂ ਦੇਸ਼ ਦਾ ਹਾਕਮ! ਸੁਨਹਿਰੇ ਬਸਤਰਾਂ ਵਾਲਾ! ਨੀਲੀਆਂ ਅੱਖਾਂ ਵਾਲਾ। ਚੋੜੀ ਛਾਤੀ ਵਾਲਾ! ਸੁਣੋ, ਰੁਕੋ, ਠਹਿਰੋ, ਸੁਣੋ ਦੱਸਦਾ ਹਾਂ ਮੈਂ ਹਾਂ ਕੌਣ? ਸੌਣ ਵੇਲੇ ਝੂਠੇ ਸੁਪਨੇ ਸਜਾਉਣ ਵਾਲਾ! ਉਠਣ ਵੇਲੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ! ਦੁਨੀਆਂ ਦਾ ਸਭ ਤੋਂ ਵੱਡਾ ਭੰਬਲਭੂਸਾ!! ਤਦੇ ਤਾਂ ਕਿਸੇ ਕਵੀ ਨੇ ਮੇਰੇ ਬਾਰੇ ਸੱਚ ਕਿਹਾ ਆ, “ਹੋਠਾਂ ਉਤੇ ਰੱਖਕੇ ਇੱਕ ਦਿਲਕਸ਼ ਮੁਸਕਾਨ, ਕਰਦਾ ਹਾਂ ਮੈਂ ਰੋਜ਼ ਹੀ ਸ਼ੀਸ਼ੇ ਨੂੰ ਗੁਮਰਾਹ”। ਇਹ ਫੌਜੀ ਤਾਂ ਨਾ ਚੀਜ਼ ਹੈ ਇਸ ਦੇਸ਼ ‘ਚ! ਦੇਸ਼ ਦੇ ਪੂਰਬ ਤੋਂ ਪੱਛਮ ਦੇਸ਼ ਦੇ ਉਤਰ ਤੋਂ ਦੱਖਣ, ਜਿਧਰ ਵੀ ਕਿਧਰੇ ਨਜ਼ਰ ਜਾਂਦੀ ਆ, ਮੇਰੀ ਮੁਸਕਾਨ ਫੈਲਦੀ ਜਾਂਦੀ ਆ, ਭੁੱਖਾਂ ਖਿਲਾਰਦੀ ਜਾਂਦੀ ਆ, ਲੋਕਾਂ ਦੇ  ਬੈਂਕਾਂ ਦਾ ਪੈਸਾ ਹਜ਼ਮ ਕਰੀ ਜਾਂਦੀ ਆ। ਅਤੇ ਬਸ ਇਕੋ ਗੀਤ ਗਾਈ ਜਾਂਦੀ ਹੈ- “ਆਇਆ ਮੋਦੀ, ਭਾਰਤ  ਦਾ ਜਾਇਆ ਮੋਦੀ! ਲੋਕਾਂ ਪੱਲੇ ਕੁਝ ਵੀ ਨਾ ਪਾਇਆ ਮੋਦੀ”!!

ਮੇਰੀਆਂ ਸੱਧਰਾਂ ਦੇ ਰਹਿ ਰਹਿ ਬੁਰਜ ਟੁੱਟਣ

ਪਿਛਲੇ ਕਰੀਬ ਨੌਂ ਮਹੀਨੇ ਤੋਂ ਲਟਕਦਾ ਆ ਰਿਹਾ ਪੰਜਾਬ ਵਜ਼ਾਰਤ ਦਾ ਵਾਧਾ ਘੱਟੋ-ਘੱਟ ਇੱਕ ਮਹੀਨੇ ਲਈ ਹੋਰ ਅੱਗੇ ਪੈ ਗਿਆ ਹੈ। ਪਹਿਲਾਂ ਇਸ ਹਫਤੇ ਵਜ਼ਾਰਤ ‘ਚ ਵਾਧਾ ਹੋਣ ਦੀ ਸੰਭਾਵਨਾ ਸੀ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ‘ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਸੂਚੀ ਦੀ ਪ੍ਰਵਾਨਗੀ ਰਾਹੁਲ ਗਾਂਧੀ ਤੋਂ ਲੈਣ ਲਈ ਸਮਾਂ ਮੰਗ ਰਹੇ ਸਨ, ਪਰ ਰਾਹੁਲ ਗਾਂਧੀ ਨੇ ਕਿਹ ਦਿੱਤਾ ਹੈ ਕਿ ਵਜ਼ਾਰਤ ‘ਚ ਵਾਧੇ ਬਾਰੇ ਕੁਲ ਹਿੰਦ ਕਾਂਗਰਸ ਕਮੇਟੀ ਦੇ 16 ਤੋਂ 18 ਮਾਰਚ ਤੱਕ ਹੋਣ ਵਾਲੇ ਪਲੈਨਰੀ ਸੈਸ਼ਨ ਤੋਂ ਬਾਅਦ ਹੀ ਸਮਾਂ ਮਿਲੇਗਾ। ਜਿਥੇ ਵਜ਼ਾਰਤ ‘ਚ ਵਾਧਾ ਰੁੱਕ ਗਿਆ ਹੈ, ਉਤੇ ਕਾਂਗਰਸ ਦੇ ਜਥੇਬੰਦਕ ਢਾਂਚੇ ‘ਚ ਰੱਦੋ-ਬਦਲ ਕੀਤੇ ਜਾਣ ਦੀ ਪਿਛਲੇ ਕਾਫੀ ਸਮੇਂ ਤੋਂ ਕਵਾਇਦ ਚੱਲ ਰਹੀ ਹੈ।

ਆਈ ਕੁਰਸੀ, ਹੁਣੇ ਆਈ ਕੁਰਸੀ! ਖਿਸਕੀ ਕੁਰਸੀ,ਹੁਣੇ ਖਿਸਕੀ ਕੁਰਸੀ! ਇਹੋ ਅੱਜ ਦੇ ਸਮੇਂ ਦੀ ਸਿਆਸਤ ਆ ਵੀਰ ਜੀ! ਲੋਕਾਂ ਦੇ ਨੁਮਾਇੰਦੇ ਬਣ ਨੇਤਾ, ਹੱਥ ‘ਚ ਹੰਟਰ ਫੜਦੇ ਹਨ, ਲੋਕਾਂ ਨੂੰ ਅੰਦਰੋ-ਅੰਦਰੀ ਤਾਕਤ ਦੀ ਛੜੀ ਰਾਹੀਂ ਧਮਕਾਉਂਦੇ ਹਨ ਪਰ ਬਾਹਰੋ-ਬਾਹਰੀ ਲੋਰੀਆਂ ਦੇ –ਦੇ ਕੇ ਸੁਆਉਂਦੇ ਹਨ। ਇਹੋ ਜਿਹੀਆਂ ਲੋਰੀਆਂ ਹੀ ਭਾਈ, ਉਹਨਾ ਨੂੰ ਉੱਚ ਕੁਰਸੀ ‘ਤੇ ਬਿਰਾਜਮਾਨ ਹੋਣ ਲਈ ਮਿਲਦੀਆਂ ਹਨ। ਜਿਵੇਂ ਲੋਕਾਂ ਦੇ ਸੁਫਨੇ ਨੇਤਾ ਤੋੜਦੇ ਹਨ, ਉਵੇਂ ਉਪਰਲੇ ਨੇਤਾ ਉਹਨਾ ਦੇ ਸੁਪਨੇ ਤੋੜਦੇ ਹਨ, ਤੇ ਵਿਚਾਰੇ ਨੇਤਾ ਵੱਡੀ ਕੁਰਸੀ, ਹੋਰ ਵੱਡੀ ਕੁਰਸੀ ਨਾ ਮਿਲਣ ਤੇ ਮਨੋਂ-ਮਸੋਸੇ ਬਸ ਗਾਉਂਦੇ ਹਨ, “ਮੇਰੀਆਂ ਸੱਧਰਾਂ ਦੇ ਰਹਿ ਰਹਿ ਬੁਰਜ ਟੁੱਟਣ, ਅੱਧ ਵਿਚਾਲੇ ਟੁੱਟਣ”।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ !

ਭਾਰਤ ਦੇਸ਼ ਦੀ ਆਬਾਦੀ ਇਸ ਵੇਲੇ 132 ਕਰੋੜ ਹੈ। ਭਾਰਤੀਆਂ ਨੂੰ ਨਿਆਂ ਦੇਣ ਵਾਲੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਿੱਚ ਕੁਲ 1110 ਜੱਜਾਂ ਦੀਆਂ ਅਸਾਮੀਆਂ ਹਨ, ਜਿਹਨਾਂ ਵਿਚੋਂ ਜੱਜਾਂ ਦੀਆਂ 410  ਖਾਲੀ ਹਨ।

ਇੱਕ ਵਿਚਾਰ

ਦਲੀਲ ਜਾਂ ਬਹਿਸ ਦਾ ਮੰਤਵ ਜਿੱਤ ਨਹੀਂ ਸਗੋਂ ਤਰੱਕੀ ਅਤੇ ਵਿਕਾਸ ਹੋਣਾ ਚਾਹੀਦਾ ਹੈ…………ਜੌ ਸੈਫ ਜੋਬਰਟ

ਗੁਰਮੀਤ ਪਲਾਹੀ

ਫੋਨ ਨੰ:-9815802070

Post Author: admin

Leave a Reply

Your email address will not be published. Required fields are marked *