ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ-ਗੁਰਸ਼ਰਨ ਸਿੰਘ ਅਜੀਬ

ਗ਼ ਜ਼ ਲ

ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ।
ਤੁਸਾਂ ਰੌਸ਼ਨਾਈ ਮਿਰੀ ਜ਼ਿੰਦਗਾਨੀ।

ਸੁਹਾਨੀ ਕਿਸੇ ਰੁੱਤ ਵਾਂਗਰ ਹੋ ਆਏ,
ਮਿਰੇ ਮੀਤ ਪਿਆਰੇ ਮਿਰੇ ਦਿਲਰੁਬਾਨੀ।

ਬਿਨਾਂ ਆਪ ਦੇ ਸਾਂ ਮੈਂ ਬਿਲਕੁਲ ਨਿਮਾਣਾ,
ਸੀ ਮੇਰੇ ‘ਤੇ ਭਾਂਵੇਂ ਇਹ ਜੋਬਨ ਜਵਾਨੀ।

ਬਿਨਾਂ ਆਪ ਦੇ ਨਾ ਇਹ ਦੁਨੀਆ ਸੁਹਾਵੇ,
ਮਿਰੇ ਯਾਰ ਦਿਲਬਰ ਮਿਰੇ ਜਿੰਦ ਜਾਨੀ।

ਨਹੀਂ ਬੈਠ ਰਹਿਣਾ ਕਿਸੇ ਨੇ ਵੀ ਜਗ ‘ਤੇ,
ਬੜੇ ਆਏ ਬਾਬਰ ਹਿਮਾਯੂੰ ਦੁਰਾਨੀ।

ਗ਼ਜ਼ਲ ਆਪਣੀ ਵਿਚ ਭਰੀ ਹੈ ਮੈਂ ਰੰਗਤ,
ਸਲਾਸਤ ਨਫ਼ਾਸਤ ਤਖ਼ਈਅਲ ਰਵਾਨੀ।

ਗ਼ਜ਼ਲ ਮੇਰੀ ਵਿਚ ਹੈ ਮੁਹੱਬਤ ਮੁਹੱਬਤ,
ਜੋ ਵੰਢੇ ਹਿਯਾਤੀ ‘ਚ ਬਣ ਕੇ ਜ਼ਨਾਨੀ।

‘ਅਜੀਬਾ’ ਗ਼ਜ਼ਲ ਵਿਚ ਲੁੜੀਂਦੀ ਹੈ ਬੰਦਿਸ਼,
ਨਾ ਖੁੱਲ੍ਹਾਂ ਨਾ ਡੁੱਲ੍ਹਾਂ ਨਾ ਕੋਈ ਛੇੜਖਾਨੀ।

ਗ਼ਜ਼ਲ ਕਹਿ ‘ਅਜੀਬਾ’ ਤੂੰ ਆਲ੍ਹਾ ਤੇ ਉਮਦਾ,
ਕਿ ਇਸ ਜਗ ‘ਤੇ ਰਹਿ ਜਾਏ ਤੇਰੀ ਨਿਸ਼ਾਨੀ।

Leave a Reply

Your email address will not be published. Required fields are marked *