ਗਜ਼ਲ……….ਜ਼ਰੂਰੀ ਤਾਂ ਨਹੀਂ……….ਗੁਰਦੀਪ ਭਾਟੀਆ

(1)

ਹੋਵੇ ਹਰ ਥਾਂ ਤਿਰਾ ਸਨਮਾਨ, ਜ਼ਰੂਰੀ ਤਾਂ ਨਹੀਂ।
ਤੈਨੂੰ ਸਭ ਕਹਿਣ, ‘ਮਿਰੀ ਜਾਨ’, ਜ਼ਰੂਰੀ ਤਾਂ ਨਹੀਂ।
ਤੈਨੂੰ  ‘ਭਗਵਾਨ’ ਉਹ ਕਹਿੰਦੇ ਨੇ, ਮੁਬਾਰਕ ਹੈ, ਮਗਰ,
ਤੈਨੂੰ ਮੈਂ ਵੀ ਕਹਾਂ ‘ਭਗਵਾਨ’ ਜ਼ਰੂਰੀ ਤਾਂ ਨਹੀਂ।
ਡੋਬ ਸਕਦਾ ਏ ਮਲਾਹ ਆਪ ਵੀ ਕਿਸ਼ਤੀ ਅਪਣੀ,
ਕਿਸ਼ਤੀ ਡੋਬਣ ਲਈ ਤੂਫ਼ਾਨ ਜ਼ਰੂਰੀ ਤਾਂ ਨਹੀਂ।
ਹੁਣ ਤਾਂ ਇਨਸਾਨ ਵੀ ਰਖਦੇ ਨੇ ਤਬਾਹੀ ਦਾ ਰੁਝਾਨ,
ਹਰ ਤਬਾਹੀ ਲਈ ਸ਼ੈਤਾਨ ਜ਼ਰੂਰੀ ਤਾਂ ਨਹੀਂ।
ਖ਼ੁਸ਼ਬੂ ਆਉਂਦੀ ਹੈ ਮੁਹੱਬਤ ਦੀ, ਹਰਿਕ ਅੱਖਰ ‘ਚੋਂ,
ਇਸ ਇਬਾਰਤ ਲਈ ਉਨਵਾਨ ਜ਼ਰੂਰੀ ਤਾਂ ਨਹੀਂ।
ਤੇਰੀ ਮੁਸਕਾਨ ਵੀ ਹੋ ਸਕਦੀ ਹੈ ਜੀਵਨ ਉਸਦਾ,
ਦਿਲ ਦੇ ਰੋਗੀ ਲਈ ਲੁਕਮਾਨ ਜ਼ਰੂਰੀ ਤਾਂ ਨਹੀਂ।
ਜਿਸ ਦੀ ਖ਼ਾਤਿਰ ਹੈ ਪਰੇਸ਼ਾਨ ਮਿਰਾ ਦਿਲ ਸਚਮੁਚ,
ਹੋਇਗਾ ਉਹ ਵੀ ਪਰੇਸ਼ਾਨ ਜ਼ਰੂਰੀ ਤਾਂ ਨਹੀਂ।
ਸਿਰ ਕਲਮ ਕਰਨਾ ਤੇਰਾ ਸ਼ੌਕ ਹੈ ਤਾਂ ਕਰਦਾ ਜਾ,
ਸਾਹਵੇਂ ਸਿਰ ਕਿਸ ਦਾ ਹੈ, ਪਹਿਚਾਨ ਜ਼ਰੂਰੀ ਤਾਂ ਨਹੀਂ।
ਉਹ ਜਦੋਂ ਮਿਲਦੇ ਨੇ, ‘ਦੀਵਾਨ’ ਦੀ ਗੱਲ ਕਰਦੇ ਨੇ,
”ਦੀਪ” ਸ਼ਾਇਰ ਲਈ ”ਦੀਵਾਨ” ਜ਼ਰੂਰੀ ਤਾਂ ਨਹੀਂ।
(2)
ਸੁੰਨੇ ਕੋਠੇ ਤੋਂ ਵੀ ਕਾਗ ਉਡਾਉਂਦੀ ਹੈ।
ਝੱਲੀ ਬਿਰਹਨ ਇਉਂ ਵੀ ਵਕਤ ਬਿਤਾਉਂਦੀ ਹੈ।
ਫੁੱਲ ਮਸਲ ਕੇ ਸੁੱਟੇ, ਜਿਹੜੇ ਹੱਥਾਂ ਨੇ,
ਉਹਨਾਂ ਹੱਥਾਂ ‘ਚੋਂ ਵੀ ਖ਼ਸ਼ਬੂ ਆਉਂਦੀ ਹੈ।
ਕਦ ਲੱਗੇਗੀ ਮਹਿੰਦੀ ਉਸ ਦੇ ਹੱਥਾਂ ਨੂੰ,
ਹੇਰਾਂ ਨੂੰ ਜੇ ਹਸ ਹਸ ਮਹਿੰਦੀ ਲਾਉਂਦੀ ਹੈ।
ਹੱਸੇ, ਰੋਵੇ, ਤੜਪੇ, ਝੂਰੇ ਰਹੇ ਉਦਾਸ,
ਇਕ ਮਜਬੂਰੀ ਕਿੰਨੇ ਰੰਗ ਵਿਖਾਉਂਦੀ ਏ।
ਕਿਉਂ ਨਾ ਮਨ ‘ਚੋਂ ਮੱਲੋ-ਮੱਲੀ ਉਂੱਠੇ ਪੀੜ,
ਇਕ ਫੁੱਲ ਵਰਗੀ ਕਬਰ ਤੇ ਫੁੱਲ ਚੜ੍ਹਾਉਂਦੀ ਹੈ।
ਖੰਡਰ ਵਿਚਲੇ ਥੰਮ ਦੀ ਚਿਤਰਕਾਰੀ ਵੇਖ!
ਅਪਣੀ ਹੋਂਦ ਦਾ ਕਿੰਝ ਅਹਿਸਾਸ ਕਰਾਉਂਦੀ ਹੈ।
ਕਿਉਂ ਨਾ ਆਵੇ ਮੌਤ ਅਜੇਹੇ ਰਹਿਬਰ ਨੂੰ,
ਜਿਸ ਦੀ ਉਂਗਲ ਸਿਵਿਆਂ ਦੇ ਰਾਹ ਪਾਉਂਦੀ ਹੈ।
ਹਰਮਨ ਪਿਆਰਾ ਉਹ ਹੈ, ਜਿਸ ਨੂੰ ਵੇਖਦਿਆਂ,
ਹਰ ਜਿੰਦ ਆਪਾ ਧਰਤੀ ਵਾਂਗ ਵਿਛਾਉਂਦੀ ਹੈ।
ਕੰਡਿਆਂ ਤੋਂ ਉਹ ਕੀਕਣ ਹੱਥ ਬਚਾਊ ”ਦੀਪ”,
ਜਿਸ ਦੀ ਤਕਣੀ ਫੁੱਲਾਂ ਤੇ ਲਲਚਾਉਂਦੀ ਹੈ।
(3)
ਜਦ ਪਿਆਸ ਬਣੇ ਭਟਕਣ, ਸਾਗਰ ਵੀ ਸੁਕਾ ਦੇਵੇ।
ਤਪਦਾ ਹੋਇਆ ਮਾਰੂਥਲ, ਲੂੰ ਲੂੰ ‘ਚ ਰਚਾ  ਦੇਵੇ।
ਉਸ ਕੋਲੋਂ ਕੋਈ ਜਦ ਵੀ, ਇਉਂ ਪੁੱਛੇ ਕਿ ਜੀਵਨ ਕੀ,
ਉਹ ਤੀਲ ਨੂੰ ਮਾਚਿਸ ਦੀ, ਵੱਖੀ ਤੋਂ ਜਗਾ  ਦੇਵੇ।
ਜੀਵਨ ਦੇ  ਖ਼ਜਾਨੇ ਵਿਚ, ਇਕ ਪੀੜ ਅਜੇਹੀ ਹੈ,
ਹੱਸਾਂ ਤਾਂ ਰੁਆ ਦੇਵੇ, ਰੋਵਾਂ ਤਾਂ ਹਸਾ ਦੇਵੇ।
ਕਿਸ ਹਾਲ ‘ਚ ਜੀਉਂਦੇ ਹਾਂ, ਜਦ ਕੋਈ ਨਹੀਂ ਪੁਛਦਾ,
ਸੌ ਸਾਲ ਦੇ ਜੀਵਨ ਦੀ, ਕਿਉਂ ਕੋਈ ਦੁਆ ਦੇਵੇ।
ਇਨਸਾਫ਼ ਦੇ ਨਾਂ ਉੱਤੇ ਕਦ ਜ਼ੁਲਮ ਨਹੀਂ ਹੋਇਆ?
ਕੀ ਰੋਸ ਕਿ ਜੇ ਕੋਈ ਇਹ ਕਹਿ ਕੇ ਸਜ਼ਾ ਦੇਵੇ!
ਢਲਦੇ ਹੋਏ ਸੂਰਜ ਨੂੰ, ਆਖਾਂ ਤਾਂ ਕਿਵੇਂ ਆਖਾਂ,
ਠਰੀਆਂ ਹੋਈਆਂ ਤਲੀਆਂ ਤੇ ਅੰਗਿਆਰ ਟਿਕਾ ਦੇਵੇ।
ਮੈਂ ਆਪੇ ਸਮਝਲਾਂਗਾ, ਹਰ ਭੇਦ ਉਦ੍ਹੇ ਦਿਲ ਦਾ,
ਚੁਪ ਚਾਪ ਕਦੇ ਮੁਖ ਤੋਂ, ਬਸ ਪਰਦਾ ਉਠਾ ਦੋਵੋ।
ਕਲ ਤਕ ਸੀ ਜੋ ਨੀਂਹ-ਪੱਥਰ, ਅਜ ਰਸਤੇ ਦਾ ਪੱਥਰ ਹੈ,
ਕੀ ਕਹੀਏ, ਕਦੋਂ ਕੋਈ ਰਸਤੇ ‘ਚੋ ਹਟਾ ਦੇਵੇ।
ਤੀਲੇ ਮੇਰੀ ਝੁੱਗੀ ਦੇ ਮਚਣੋਂ ਅਜੇ ਬਾਕੀ ਹਨ,
ਕਹਿ ਦੇਵੋ ਹਵਾ ਤਾਈਂ, ਕੁਝ ਹੋਰ ਹਵਾ ਦੇਵੇ।
ਇਉਂ ”ਦੀਪ” ਮਿਲੇ ਜੀਕਣ, ਹੋਵੇ ਕੋਈ ਅਪਣਾ, ਪਰ
ਨਾ ਸਾਥੋਂ ਪਤਾ ਮੰਗੇ, ਨਾ ਅਪਣਾ ਪਤਾ ਦੇਵੇ।
(4)
ਕਿਸੇ ਪਲ ਵੀ ਮਿਰੇ ਦਿਲ ਤੋਂ ਨਾ ਏਨੀ ਗੱਲ ਭੁਲਾ ਹੋਏ।
”ਜਿਨ੍ਹਾਂ ਨੇ ਆਸਰਾ ਤਕਿਆ ਉਹੀ ਬੇ-ਆਸਰਾ ਹੋਏ”।
ਹਦਾਇਤ ਹੈ ਕਿ ਰਾਜ਼ੀ ਰਹੀਏ ਓਸੇ ਦੀ ਰਜ਼ਾ ਅੰਦਰ,
ਭਲਾ ਸਾਡੀ ਰਜ਼ਾ ਵਿਚ ਓਸ ਦੀ ਕਿਉਂ ਨਾ ਰਜ਼ਾ ਹੋਏ?
ਜਦੋਂ ਪੁਛਿਆ Îਉਨ੍ਹਾਂ ਕੋਲੋਂ ਕਿ ਸਾਡੇ ਦਿਲ ਦਾ ਕੀ ਬਣਿਆਂ,
ਉਹ ਭੋਲੇ-ਭਾਅ ਇਵੇਂ ਬੋਲੇ, ਕਿ ਸਾਨੂੰ ਕੀ ਪਤਾ ਹੋਏ?
ਮਿਰੀ ਨਗਰੀ ਦੇ ਬੰਦਿਆਂ ਨੂੰ ਕੋਈ ਬੰਦੇ ਕਹੇ ਤਾਂ ਕਿਉਂ,
ਉਹ ਜਦ ਕਿਧਰੇ ਵੀ ਮਿਲਦੇ ਹਨ ਤਾਂ ਮਿਲਦੇ ਹਨ ਖ਼ੁਦਾ ਹੋਏ।
ਮਨਾਹੀ ਇਸ਼ਕ ਦੀ ਕਿਧਰੇ ਨਹੀਂ ਪਰ ਫੇਰ ਵੀ ਮਿਤਰਾ,
ਸਜ਼ਾ ਆਸ਼ਿਕ ਦੀ ਓਹੋ ਹੈ, ਜੋ ਬਾਗ਼ੀ ਦੀ ਸਜ਼ਾ ਹੋਏ।
ਦੋਹਾਂ ਦੇ ਵਿਚ-ਵਿਚਾਲੇ ਫ਼ਾਸਲਾ ਕੁਝ ਵੀ ਨਹੀਂ ਹੈ, ਪਰ
ਨਜ਼ਰ ਜਦ ਤਕ ਨਹੀਂ ਮਿਲਦੀ, ਕਿਵੇਂ ਦਿਲ ਨੂੰ ਟਿਕਾ ਹੋਏ।
ਉਹ ਮੁਨਸਿਫ਼ ਹੈ, ਮਗਰ ਸਰਕਾਰ ਦੀ ਤਨਖ਼ਾਹ ਤੇ ਪਲਦਾ ਹੈ,
ਕਿਵੇਂ ਨਾ ਸੋਚਣੀ ਉਸ ਦੀ ਤੇ ਹੱਕ ਸਰਕਾਰ ਦਾ ਹੋਏ?
ਜਿਦ੍ਹੇ ਤੇ ਮਾਣ ਸੀ ਡਾਢਾ, ਕਿ ਮੈਥੋਂ ਜਿੰਦ ਵਾਰੇਗਾ,
ਉਸੇ ਨੇ ਆਖਿਆ ਖਿਝ ਕੇ, ”ਕਹੋ ਇਸ ਨੂੰ ਦਫ਼ਾ ਹੋਏ”।
ਜਦੋਂ ਭੁੱਖੇ ਦਾ ਰੋਟੀ ਮਿਲਦਿਆਂ ਹੀ ਖਿੜ ਗਿਆ ਚਿਹਰਾ,
ਇਵੇਂ ਲਗਿਆ ਜਿਵੇਂ ਰੋਟੀ ‘ਚ ਵੀ ਡਾਢਾ ਨਸ਼ਾ ਹੋਏ।
ਨਹੀਂ ਅੱਖੀਆਂ ‘ਚ ਜੇ ਅੱਥਰੂ, ਇਦ੍ਹਾ ਇਹ ਅਰਥ ਨਹੀਂ ਯਾਰੋ,
ਕਿ ਲੱਗੀ ਠੇਸ ਦਾ ਇਸ ਦਿਲ ਨੂੰ, ਦੁੱਖ ਨਾ ਪਹੁੰਚਿਆ ਹੋਵੇ।
ਕਿਸੇ ਦੂਜੇ ਦੀ ਮਜਬੂਰੀ ਤੇ ਉਹ ਬਿਲਕੁਲ ਨਹੀਂ ਹਸਦਾ,
ਜਿਨ੍ਹੇ ਬੁੱਕਲ ‘ਚ ਅਪਣੀ ”ਦੀਪ” ਵਾਂਗੂੰ ਝਾਕਿਆ ਹੋਏ।
(5)
 ਝੂਠ ਨੂੰ ਝੂਠ ਕਿਹਾ ਉਸ ਨੂੰ ਬੁਰਾ ਲਗਦਾ ਹੈ।
ਮੈਨੂੰ ਉਹ ਵਕਤ ਦੀ ਸਰਕਾਰ ਜਿਹਾ ਲਗਦਾ ਹੈ।
ਉੱਚੀ ਸਾਹ ਲੈਣਾ ਵੀ ਸਾਡੇ ਲਈ ਵਰਜਿਤ ਹੈ ਜਦੋਂ,
ਕੋਈ ਹਸਦਾ ਹੈ ਤਾਂ ਮਨਜ਼ੂਰ-ਸ਼ੁਦਾ ਲਗਦਾ ਹੈ।
ਅਪਣੇ ਆਪੇ ਤੋਂ ਵੀ ਸ਼ਰਮਿੰਦਾ ਨਜ਼ਰ ਆਉਂਦੈ ਉਹ,
ਗ਼ਲਤ ਥਾਂ ਉਸਨੂੰ ਕਿਸੇ ਵੇਖ ਲਿਆ ਲਗਦਾ ਹੈ।
ਉਸ ਦੀ ਦਹਿਸ਼ਤ ਨੂੰ ਕੋਈ ਮੰਨੇ, ਜ਼ਰੂਰੀ ਤਾਂ ਨਹੀਂ,
ਜਾਹ! ਨਹੀਂ ਕਹਿੰਦਾ ਕਿ ਉਹ ਮੈਨੂੰ ਖ਼ੁਦਾ ਲਗਦਾ ਹੈ।
ਜੋ ਇਹ ਕਹਿੰਦਾ ਸੀ, ਕਦੇ ਝੁਕਣਾ ਨਹੀਂ, ਵਿਕਣਾ ਨਹੀਂ,
ਦੇਖ, ਸਜ਼ਦੇ ‘ਚ ਖੜਾ ਕੇਹੋ ਜਿਹਾ ਲਗਦਾ ਹੈ ?
ਉਸਦੇ ਲਹਿਜ਼ੇ ‘ਚ ਨਜ਼ਰ ਆਉਂਦਾ ਏ ਸ਼ਾਹਾਂ ਦਾ ਮਿਜਾਜ਼
ਨੇੜੇ ਆ ਕੇ ਵੀ ਉਹ ਕੁਝ ਦੂਰ ਖੜਾ ਲਗਦਾ ਹੈ।
ਉਸ ਨੂੰ ਕੰਡਾ ਵੀ ਚੁਭੇ, ਪਾਉਂਦੈ ਦੁਹਾਈ, ਜਦ ਕਿ,
ਸਾਡਾ ਮਰਨਾ ਵੀ ਉਹਨੂੰ ਨਖ਼ਰਾ ਜਿਹਾ ਲਗਦਾ ਹੈ।
ਕਿੰਨਾ ਸੌਖਾ ਹੈ ਤਵਾ ਲਾਉਣਾ ਕਿਸੇ ਦੂਜੇ ਦਾ,
ਤਦ ਪਤਾ ਲਗਦੈ, ਜਦੋਂ ਅਪਣਾ ਤਵਾ ਲਗਦਾ ਹੈ।
ਕੋਈ ਕੀ ਨਿਰਨਾ ਕਰੇ, ”ਦੀਪ” ਖ਼ਰੇ ਖੋਟੇ ਦਾ,
ਕੰਮ ਆਉਂਦਾ ਹੋਇਆ ਖੋਟਾ ਵੀ ਖ਼ਰਾ ਲਗਦਾ ਹੈ।

Post Author: admin

Leave a Reply

Your email address will not be published. Required fields are marked *