ਜਦੋਂ ਜੰਗਲ ਦਾ ਇਤਿਹਾਸ ਲਿਖਿਆ ਜਾਵੇਗਾ…. -ਗੁਰਚਰਨ ਨੂਰਪੁਰ

ਕੋਈ ਸਮਾਂ ਸੀ ਅਸੀਂ ਇਸ ਧਰਤੀ ‘ਤੇ ਨਹੀਂ ਸੀ। ਕੋਈ ਸਮਾਂ ਹੋਵੇਗਾ ਜਦੋਂ ਅਸੀਂ ਇਸ ਧਰਤੀ ਤੇ ਨਹੀਂ ਹੋਵਾਂਗੇ।
ਸਾਡੇ ਹੋਣ ਦਾ ਅਰਥ ਬਹੁਤ ਵਿਸ਼ਾਲ ਵੀ ਹੈ ਅਤੇ ਨਾਮਾਤਰ ਵੀ। ਜੇਕਰ ਅਸੀਂ ਬ੍ਰਹਿਮੰਡੀ ਵਰਤਾਰਿਆਂ ਦੇ ਅਨੁਪਾਤ ਵਿੱਚ ਆਪਣੀ ਭੂਮਿਕਾ ਵੇਖੀਏ ਤਾਂ ਇਹ ਇੱਕ ਜਰੇ ਤੋਂ ਵੀ ਨਿਗੁਣੀ ਹੈ, ਅਤੇ ਜੇਕਰ ਇਸ ਨੂੰ ਅਸੀਂ ਦੁਨੀਆਂ ਦੇ ਪੱਖ ਤੋਂ ਵੇਖੀਏ ਤਾਂ ਸਮਾਜ ਵਿੱਚ ਹਰ ਮਨੁੱਖ ਦੀ ਭੂਮਿਕਾ ਵੱਡੇ ਅਰਥ ਵੀ ਰੱਖਦੀ ਹੈ।
ਲਗਭਗ ਵੀਹ ਲੱਖ ਸਾਲ ਪਹਿਲਾਂ ਧਰਤੀ ਤੇ ਮਨੁੱਖ ਜਾਤੀ ਦਾ ਆਗਮਨ ਹੋਇਆ। ਉਦੋਂ ਤੋਂ ਲੈ ਕੇ ਅੱਜ ਤਕ ਮਨੁੱਖ ਜਾਤੀ ਨਿਰੰਤਰ ਆਪਣੀ ਨਸਲ ਦਾ ਵਿਕਾਸ ਕਰ ਰਹੀ ਹੈ। ਸਾਡੀਆਂ ਲੱਖਾਂ ਪੀੜੀਆਂ ਇਸ ਧਰਤੀ ਤੇ ਜੰਮੀਆਂ, ਜੀਵੀਆਂ ਤੇ ਮੋਈਆਂ। ਉਹ ਲੋਕ ਇੱਥੇ, ਕਿਵੇਂ ‘ਤੇ ਕਿੱਥੇ ਕਿੱਥੇ ਵਿਚਰਦੇ/ਭਟਕਦੇ ਰਹੇ ਇਹ ਸਭ ਅਤੀਤ ਦੀ ਧੁੰਦ ਵਿੱਚ ਗਵਾਚ ਗਿਆ। ਬਿਲਕੁਲ ਅਜਿਹੀ ਸਥਿਤੀ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨਾਲ ਦੁਹਰਾਈ ਜਾਵੇਗੀ। ਅਸੀਂ ਵੀ ਬੀਤੇ ਦੇ ਅਗਿਆਤ ਪੰਨੇ ਦਾ ਹਿੱਸਾ ਬਣ ਜਾਵਾਂਗੇ। ਮਨੁੱਖੀ ਨਸਲ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇਹ ਭਾਵੇਂ ਪਸੂ ਪੰਛੀਆਂ ਤੋਂ ਵਿਕਾਸ ਕਰਦੀ ਕਰਦੀ ਅੱਜ ਤੱਕ ਦੇ ਮੁਕਾਮ ਤੇ ਪਹੁੰਚੀ ਹੈ ਜਿੱਥੇ ਇਸ ਨੂੰ ਜਾਨਵਰ ਜਾਂ ਪਸੂ ਬਿਲਕੁਲ ਨਹੀਂ ਕਿਹਾ ਜਾ ਸਕਦਾ ਪਰ ਸੱਚ ਇਹ ਵੀ ਹੈ ਕਿ ਮਨੁੱਖ ਅਜੇ ਸਹੀ ਅਰਥਾਂ ਵਿੱਚ ਪੂਰਨ ਰੂਪ ਵਿੱਚ ਇਨਸਾਨ ਵੀ ਨਹੀਂ ਬਣ ਸਕਿਆ। ਇਸ ਧਰਤੀ ‘ਤੇ ਪੈਦਾ ਹੁੰਦਾ ਹਰ ਵਿਅਕਤੀ ਹੀ ਨਹੀਂ ਸਗੋਂ ਪਸੂ ਪੰਛੀ ਵੀ ਆਪਣੀ ਸਮਝ ਮੁਤਾਬਕ ਆਪਣੇ ਸੀਮਤ ਫਰਜ਼ ਨਿਭਾਉਂਦੇ ਹਨ। ਆਪਣੀਆਂ ਨਸਲਾਂ ਨੂੰ ਪਾਲਦੇ ਹਨ ਉਹਨਾਂ ਦੀ ਹਿਫਾਜ਼ਤ ਕਰਦੇ ਹਨ। ਰੱਜ ਜਾਂਦੇ ਹਨ ਤਾਂ ਹੋਰ ਖਾਣਾ ਬੰਦ ਕਰ ਦਿੰਦੇ ਹਨ। ਇਹ ਵਰਤਾਰਾ ਯੁਗਾਂ ਯੁਗਾਂਤਰਾਂ ਤੋਂ ਹੈ। ਪਸੂ ਪੰਛੀਆਂ ਦੀ ਸਮਝ ਅਤੇ ਮਨੁੱਖੀ ਸਮਝ ਦਾ ਜਿ਼ਮੀ ਅਸਮਾਨ ਦਾ ਫਰਕ ਹੈ। ਪਰ ਇੱਥੇ ਪਸੂ ਪੰਛੀ ਤਾਂ ਆਪਣੀਆਂ ਨਸਲਾਂ ਜਾਂ ਕੁਦਰਤ ਪ੍ਰਤੀ ਆਪਣੇ ਫਰਜਾਂ ਲਈ ਚੇਤੰਨ ਹਨ ਪਰ ਇਹਦੇ ਉਲਟ ਮਨੁੱਖ ਹੈ ਕਿ ਇਹ ਆਪਣੇ ਵਾਤਾਵਰਨ ਜਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਪ੍ਰਤੀ ਰਤਾ ਵੀ ਗੰਭੀਰ ਨਹੀਂ ਹੈ। ਮਨੁੱਖ ਜਾਤੀ ਨੂੰ ਗ੍ਰੰਥਾਂ ਸ਼ਾਸ਼ਤਰਾਂ ਵਿੱਚ ਜੀਵ ਜਾਤੀਆਂ ਵਿੱਚ ਸਭ ਤੋਂ ਸ਼ਰੇਸ਼ਠ ਦੱਸਿਆ ਗਿਆ ਹੈ। ਮਨੁੱਖ ਨਾਮ ਦੇ ਜੀਵ ਦੀ ਇਹ ਉੱਤਮ ਨਸਲ ਵੱਖ ਵੱਖ ਧਰਮਾਂ, ਨਸਲਾਂ, ਜਾਤਾਂ, ਮਜ੍ਹਬਾਂ ਅਤੇ ਦੇਸ਼ਾਂ ਦੀਆਂ ਹੱਦ ਬੰਦੀਆਂ ਵਿੱਚ ਵੰਡੀ ਹੋਈ ਹੈ। ਮਨੁੱਖ ਨੇ ਆਪਣੀਆਂ ਨਸਲਾਂ ਨੂੰ ਸਿਆਣਾ ਅਤੇ ਬੁੱਧੀਮਾਨ ਬਣਾਉਣ ਲਈ ਜੋ ‘ਸਿੱਖਿਆ’ ਦਾ ਪ੍ਰਪੰਚ ਰਚਿਆ ਹੈ ਇਹ ਮਨੁੱਖ ਅੰਦਰ ਸ਼ਾਜਸ਼ੀ ਪ੍ਰਵਿਰਤੀ ਨੂੰ ਜਨਮ ਦੇਣ ਅਤੇ ਦੂਜਿਆ ਨੂੰ ਠਿੱਬੀ ਲਾਉਣ ਵੱਲ ਸੇਧਤ ਹੈ। ਪਹਿਲਾਂ ਇਹ ਵਿਦਿਆ ਧਰਮ ਦੇ ਰੰਗ ਵਿੱਚ ਰੰਗੀ ਹੋਈ ਸੀ ਅੱਜ ਦੀ ਵਿੱਦਿਆ ਵਿੱਚ ਤਕਨੀਕ ਅਤੇ ਜੁਗਤ ਪ੍ਰਧਾਨ ਹੈ ਇਸ ਚੋ ਮਾਨਵੀ ਗੁਣਾਂ ਦੇ ਵਿਕਾਸ ਜਿਹੀ ਕੋਈ ਗੱਲ ਨਹੀਂ ਹੈ। ਇਸ ਵਿੱਚ ਨਿਮਰਤਾ ਸੰਜਮ ਅਤੇ ਸਮਰਪਣ ਦੀ ਭਾਵਨਾ ਇਸ ਵਿੱਚ ਕਿਧਰੇ ਵੀ ਨਜਰ ਨਹੀਂ ਆਉਂਦੀ।
ਇਸ ਧਰਤੀ ਤੇ ਪਹਿਲਾਂ ਧਰਮਾਂ, ਜਾਤਾਂ, ਨਸਲਾਂ ਦੇ ਨਾਮ ਤੇ ਕਤਲੋ ਗਾਰਤ ਹੁੰਦੀ ਸੀ। ਅੱਜ ਵੀ ਇਹ ਵਰਤਾਰੇ ਅਜੇ ਰੁਕੇ ਨਹੀਂ। ਹੁਣ ਇਸ ਤੋਂ ਅਗਾਂਹ ਅੱਜ ਦਾ ਆਧੂਨਿਕ ਮਨੁੱਖ ਸੁਰੱਖਿਆ ਅਤੇ ਰਾਸ਼ਟਰਵਾਦ ਦੇ ਨਾਮ ਤੇ ਹਥਿਆਰਾਂ ਦੀ ਅੰਨੀਦੌੜ ਦੌੜ ਰਿਹਾ ਹੈ। ਅੱਧੀ ਦੁਨੀਆਂ ਇਸ ਲਈ ਭੁੱਖ ਨਾਲ ਮਰ ਰਹੀ ਹੈ ਕਿ ਮਨੁੱਖਾਂ ਨੂੰ ਮਾਰਨ ਲਈ ਬਣਾਏ ਜਾਣ ਵਾਲੇ ਸਾਜ ਓ ਸਮਾਨ ਤੇ ਬਹੁਤ ਸਾਰਾ ਪੈਸਾ ਖਰਚ ਹੋ ਰਿਹਾ ਹੈ।
ਕੇਹਾ ਵਿਕਾਸ ਹੈ ਇਹ, ਜਿਸ ਨੇ ਸਾਡਾ ਮਿੱਟੀ, ਪਾਣੀ, ਹਵਾ ਸਭ ਕੁਝ ਪਲੀਤ ਕਰ ਛੱਡਿਆ ਹੈ। ਹਾਲਾਤ ਅੱਜ ਇਹ ਹਨ ਕਿ ਸਾਡੇ ਖੇਤਾਂ ਵਿੱਚ ਕੈਸਰ ਅਤੇ ਹੋਰ ਭਿਆਨਕ ਬਿਮਾਰੀਆਂ ਉੱਗਣ ਲੱਗ ਪਈਆਂ ਹਨ ਜੋ ਨਿੱਕੇ ਨਿੱਕੇ ਮਾਸੂਮਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਨਸਿ਼ਆਂ ਦੇ ਪ੍ਰਚਲਣ ਨੂੰ ਰੋਕਣ ਦੀ ਬਜਾਏ ਸਰਕਾਰਾਂ ਵੱਲੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ ਬਿਆਨਬਾਜੀਆਂ ਹੁੰਦੀਆਂ ਹਨ ਕਿ ਨਸ਼ੇ ਤੇ ਮੁਕੰਮਲ ਕੰਟਰੋਲ ਕੀਤਾ ਜਾਵੇਗਾ। ਦੂਜੇ ਪਾਸੇ ਬੜੇ ਮਾਣ ਨਾਲ ਕਿਹਾ ਜਾਂਦਾ ਹੈ ਕਿ ਇਸ ਸਾਲ ਸ਼ਰਾਬ ਦੇ ਠੇਕਿਆਂ ਤੋਂ ਸਰਕਾਰ ਨੇ ਪਹਿਲਾਂ ਨਾਲੋਂ ਐਨੀ ਵੱਧ ਕਮਾਈ ਕੀਤੀ ਹੈ। ਇਹ ਕੇਹੀ ਵਿਡੰਬਨਾ ਹੈ ਕਿ ਹਰ ਸਾਲ ਠੇਕਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਪਰ ਸਕੂਲਾਂ ਨੂੰ ਤਾਲੇ ਲਾਉਣ ਬਾਰੇ ਸੋਚਿਆ ਜਾ ਰਿਹਾ ਹੈ। ਸਾਡੇ ਆਲੇ ਦੁਆਲੇ ਨਸਿ਼ਆਂ ਦਾ ਪ੍ਰਚਲਣ ਇੰਨਾ ਭਿਆਨਕ ਰੂਪ ਅਖਿਤਿਆਰ ਕਰ ਗਿਆ ਹੈ ਜਿਸ ਨਾਲ ਹਰ ਰੋਜ ਅਨੇਕਾਂ ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਹਕੀਕਤ ਇਹ ਹੈ ਕਿ ਸਾਡੇ ਕੋਲ ਏ ਸੀ ਕਮਰਿਆਂ ਵਿੱਚ ਬੈਠੇ ਲੋਕ ਹਨ ਜੋ ਮਜਦੂਰਾਂ ਕਿਸਾਨਾਂ ਅਤੇ ਮਿਹਨਤਕਸ਼ਾਂ ਲਈ ਸਕੀਮਾਂ ਘੜਦੇ ਹਨ। ਜਿਸ ਮਨੁੱਖ ਨੇ ਦੁੱਖਾਂ ਦਰਦਾਂ ਨੂੰ ਜੀਵਿਆ ਹੀ ਨਹੀਂ ਉਸ ਨੂੰ ਕੀ ਪਤਾ ਕਿ ਗਰੀਬੀ ਕਿੰਨਾ ਵੱਡਾ ਸਰਾਪ ਹੈ। ਅੰਨ ਦੇ ਦਾਣੇ ਦਾਣੇ ਅਤੇ ਪਾਣੀ ਦੀ ਬੂੰਦ ਬੂੰਦ ਦੇ ਮੁਥਾਜ ਲੋਕ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ। ਦੇਸ਼ ਦੇ ਗਰੀਬ ਲੋਕ ਜੋ ਘੰਟਿਆਂ ਬੱਧੀ ਫੈਕਟਰੀਆਂ ਮਿੱਲਾਂ ਵਿੱਚ ਕੰਮ ਕਰਦੇ ਹਨ। ਅਸਮਾਨ ਛੁਹਦੀਆਂ ਬਿਲਡਿੰਗਾਂ ਉਸਾਰਦੇ ਹਨ। ਸੜਕਾਂ ਬਣਾਉਦੇ ਹਨ। ਖੇਤਾਂ, ਭੱਠਿਆਂ ਅਤੇ ਮੰਡੀਆਂ ਆਦਿ ਵਿੱਚ ਕੰਮ ਕਰਨ ਵਾਲੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੇ ਇਹਨਾਂ ਲੋਕਾਂ ਦੀ ਸਾਡੇ ਦੇਸ਼ ਵਿੱਚ ਕੋਈ ਕਦਰ ਨਹੀਂ। ਇਹਨਾਂ ਲੋਕਾਂ ਕੋਲ ਖਾਣ ਲਈ ਪੌਸ਼ਟਿਕ ਭੋਜਣ ਤਾਂ ਦੂਰ ਪੀਣ ਲਈ ਸਾਫ ਪਾਣੀ ਵੀ ਨਹੀਂ ਹੈ। ਇਹਨਾਂ ਦੇ ਬੱਚੇ ਕਪੋਸ਼ਣ ਦੇ ਸਿ਼ਕਾਰ ਹੋ ਰਹੇ ਹਨ। ਔਰਤਾ ਚੋਂ 50% ਅਨੀਮੀਆਂ (ਖੂਨ ਦੀ ਘਾਟ) ਤੋਂ ਪੀੜਤ ਹਨ। ਸਾਡੇ ਦੇਸ਼ ਦੇ ਹਾਕਮਾਂ ਲਈ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ 64 ਸਾਲਾਂ ਦੇ ਆਪਣੇ ਸ਼ਾਸ਼ਨ ਵਿੱਚ ਵੀ ਉਹ 45% ਭਾਰਤੀ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਵੀ ਮੁਹੱਈਆ ਨਹੀਂ ਕਰਵਾ ਸਕੇ। ਇੱਕ ਰਿਪੋਰਟ ਅਨੁਸਾਰ ਅੱਜ ਤੇਜੀ ਨਾਲ ਫੈਲ ਰਹੀਆਂ 70% ਬਿਮਾਰੀਆਂ ਦੂਸਿ਼ਤ ਪਾਣੀ ਦਾ ਕਰਕੇ ਹਨ।
ਇਹ ਕੌੜੀ ਸੱਚਾਈ ਹੈ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਅਮੀਰੀ ਗਰੀਬੀ ਦਾ ਪਾੜਾ ਬੜੀ ਤੇਜੀ ਨਾਲ ਵਧਿਆ ਹੈ। ਕੁਝ ਘਰਾਣਿਆਂ ਦੀ ਰੋਜਾਨਾਂ ਦੀ ਆਮਦਨ ਕਰੋੜਾਂ ਰੁਪਏ ਵਿੱਚ ਹੈ ਅਤੇ ਸਾਡੇ ਮਹਾਨ ਭਾਰਤ ਦੀ 40% ਵੱਸੋਂ ਦੀ ਪ੍ਰਤੀ ਜੀਅ ਆਮਦਨ 15 ਤੋਂ 20 ਰੁਪਏ ਰੋਜਾਨਾ ਹੈ। ਦੇਸ਼ ਨੂੰ ਖੁਸ਼ਹਾਲ ਬਣਾਉਣ ਦੇ ਵਾਅਦੇ ਅਤੇ ਦਾਅਵੇ ਕਰਨ ਵਾਲੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਪਾਸ ਇਹਨਾਂ ਐਨੇ ਵੱਡੇ ਵਖਰੇਵਿਆਂ ਨੂੰ ਖਤਮ ਜਾਂ ਘੱਟ ਕਰਨ ਦੀ ਕੋਈ ਨੀਤੀ ਹੈ? ਇੱਥੋਂ ਦੇ ਅਮੀਰ ਲੋਕ ਆਪਣੇ ਜਨਮ ਦਿਨ ਮਨਾਉਣ ਲਈ ਹੀ ਕਰੋੜਾਂ ਅਰਬਾਂ ਰੁਪਏ ਖਰਚ ਕਰ ਦਿੰਦੇ ਹਨ। ਸਖਤ ਸਰਦੀਆਂ ਵਿੱਚ ਵੀ ਇਹਨਾਂ ਨੂੰ ਸਿਰ ਲੁਕਾਉਣ ਲਈ ਛੱਤ ਨਸੀਬ ਨਹੀਂ। ਦੇਸ਼ ਦੀ ਰਾਜਧਾਨੀ ਵਿੱਚ ਇੱਕ ਲੱਖ ਤੋਂ ਵੱਧ ਅਜਿਹੇ ਲੋਕ ਹਨ ਹੋ ਸਖਤ ਸਰਦੀਆਂ ਵਿੱਚ ਵੀ ਖੁੱਲੇ ਅਸਮਾਨ ਵਿੱਚ ਠਰੂੰ ਠਰੂੰ ਕਰਦੇ ਦਿਨ ਕਟੀਆਂ ਕਰ ਰਹੇ ਹਨ। ਛੋਟੀਆਂ ਮੋਟੀਆਂ ਇਲਾਜ ਯੋਗ ਬਿਮਾਰੀਆਂ ਦੇ ਇਲਾਜ ਖੁਣੋਂ ਵੀ ਮਰ ਜਾਂਦੇ ਹਨ। ਦੂਜੇ ਪਾਸੇ ਉਹ ਹਾਈ ਸੋਸਾਇਟੀ ਲੋਕ ਹਨ ਜਿਹਨਾਂ ਦੇ ਕੁੱਤੇ ਵੀ ਬਿਸਲੇਰੀ ਪਾਣੀ ਪੀਂਦੇ ਹਨ ਲਿਸ਼ਕਦੇ ਟੱਬਾਂ ਵਿੱਚ ਮਹਿੰਗੇ ਸਾਬਣਾਂ ਨਾਲ ਨਹਾਉਂਦੇ ਹਨ। ਆਜਾਦੀ ਤੋਂ ਬਾਅਦ ਦੇਸ਼ ਦੀ ਕਮਾਨ ਜਿਹੜੇ ਹਾਕਮਾਂ ਦੇ ਹੱਥ ਰਹੀ ਉਹਨਾਂ ਨੇ ਦੇਸ਼ ਦੀ ਗਰੀਬੀ ਅਤੇ ਗਰੀਬਾਂ ਦੇ ਨਾਮ ਤੇ ਸਿਆਸੀ ਰੋਟੀਆਂ ਸੇਕੀਆਂ। ਆਪਣੀਆਂ ਔਲਾਦਾਂ ਲਈ ਬੇਤਹਾਸ਼ਾ ਧਨ ਦੌਲਤ ਜਾਇਦਾਦਾਂ ਬਣਾਈਆਂ ਅਤੇ ਆਪਣੇ ਚਹੇਤਿਆਂ ਨੂੰ ਵੀ ਇਸ ਲੁੱਟ ਚੋਂ ਹਿੱਸੇਦਾਰ ਬਣਾ ਕੇ ਨਿਵਾਜਿਆ ਜਿਸ ਦੇ ਫਲਸਰੂਪ ਦੇਸ਼ ਵਿੱਚ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧਣਾ ਸ਼ੁਰੂ ਹੋਇਆ।
ਰਜਨੀਤਕਾਂ, ਅਮੀਰਾਂ ਧਨਾਢਾਂ ਨੇ ਰਾਜਨੀਤੀ ਨੂੰ ਲੁੱਟ ਦਾ ਸਾਧਨ ਬਣਾ ਲਿਆ ਹੈ, ਅਚੰਭੇ ਵਾਲੀ ਗੱਲ ਇਹ ਕਿ ਇਹ ਲੋਕ ਭਾਵੇਂ ਸੱਤਾਧਾਰੀ ਹੋਣ ਜਾਂ ਸੱਤਾ ਤੋਂ ਬਾਹਰ ਇਹਨਾਂ ਦੀ ਧਨ ਦੌਲਤ ਲਗਾਤਾਰ ਦਿਨ ਰਾਤ ਵਧਦੀ ਜਾਂਦੀ ਹੈ। ਸਾਡੇ ਸਮੇਂਆਂ ਦੀ ਭ੍ਰਿਸ਼ਟ ਰਾਜਨੀਤੀ, ਆਮ ਮਨੁੱਖ ਲਈ ਅਤਿ ਘਾਤਕ ਇੱਕ ਅਜਿਹੀ ਜੰਗਲੀ ਰਾਜਵਿਵਸਥਾ ਹੈ ਜਿਸ ਵਿੱਚ ਆਮ ਮਨੁੱਖ ਦੀ ਬੇਵਸੀ ਤੋਂ ਉਸ ਦੀ ਲੁੱਟ ਕੀਤੀ ਜਾਂਦੀ ਹੈ। ਭਾਵ ਵੱਖ ਵੱਖ ਤਰਾਂ ਦੀਆਂ ਸਮਾਜਿਕ ਬਿਮਾਰੀਆਂ ਦੁਸ਼ਵਾਰੀਆਂ ਦੇ ਨਾਮ ਤੇ ਰਾਜਸੀ ਪੈਂਤੜੇ ਬਾਜੀਆਂ ਕਰਕੇ ਰਾਜਸੱਤਾ ਹਾਸਲ ਕੀਤੀ ਜਾਂਦੀ ਹੈ। ਰਾਜਨੀਤੀ ਇੱਕ ਤਰਾਂ ਦੀ ਨੇਤਾਵਾਂ, ਧਨਾਢਾਂ, ਅਮੀਰਾਂ ਦੀ ਆਪਸੀ ਮੁਕਾਬਲੇ ਬਾਜੀ ਦੀ ਵਿਵਸਥਾ ਹੈ ਜਿਸ ਵਿੱਚ ਵੋਟਰ ਮਹਿਜ਼ ਦਰਸ਼ਕ ਬਣ ਕੇ ਰਹਿ ਜਾਂਦਾ ਹੈ।
ਇਸ ਸਮੇਂ ਹਾਲਾਤ ਇਹ ਹਨ ਕਿ ਸਾਡੇ ਸਮਾਜ ਅਤੇ ਵਾਤਾਵਰਨ ਦਾ ਕੋਈ ਵੀ ਅੰਗ ਤੰਦਰੁਸਤ ਨਹੀਂ ਰਿਹਾ, ਰਾਜਨੀਤੀ, ਧਰਮ, ਸਭਿਆਚਾਰ, ਬੋਲੀ, ਵਿੱਦਿਅਕ ਅਦਾਰੇ, ਹਵਾ, ਮਿੱਟੀ, ਪਾਣੀ, ਸਿਹਤ ਆਦਿ ਵੱਡੇ ਵਿਗਾੜਾਂ ਦਾ ਸਿ਼ਕਾਰ ਹੋ ਗਏ ਹਨ। ਸਾਡਾ ਸਮਾਜ ਇੱਕ ਤਰ੍ਹਾਂ ਨਾਲ ਉਹ ਜੰਗਲ ਬਣ ਰਿਹਾ ਹੈ ਜਿਸ ਨੂੰ ਦੂਰ ਦੂਰ ਮੀਲਾਂ ਤੱਕ ਅੱਗ ਲੱਗੀ ਹੋਵੇ। ਫੁੱਲ ਬੂਟੇ, ਵਣ ਬਨਸਪਤੀ ਧੁਖ ਰਹੇ ਹਨ ਬਲ ਰਹੇ ਹਨ, ਪਸੂ ਪੰਛੀ ਸਭ ਅੱਗ ਦੇ ਸੇਕ ਵਿੱਚ ਝੁਲਸ ਰਹੇ ਹਨ। ਬੜਾ ਭਿਆਨਕ ਦ੍ਰਿਸ਼ ਹੈ। ਪਰ ਸਾਨੂੰ ਸਭ ਨੂੰ ਪੰਚਤੰਤਰ ਦੀਆਂ ਕਹਾਣੀਆਂ ਚੋਂ ਇੱਕ ਕਹਾਣੀ, ਜਿਸ ਵਿੱਚ ਦੂਰ ਦੂਰ ਤੱਕ ਬਲਦੇ ਜੰਗਲ ਨੂੰ ਵੇਖ ਕੇ ਇੱਕ ਚਿੜੀ ਨਦੀ ਤੋਂ ਪਾਣੀ ਦੀ ਚੁੰਝ ਭਰ ਕੇ ਲਿਆਉਂਦੀ, ਬਲਦੀਆਂ ਲਾਟਾਂ ‘ਤੇ ਪਾਉਂਦੀ ਤੇ ਵਾਪਸ ਪਰਤ ਜਾਂਦੀ। ਉਸ ਨੂੰ ਵਾਰ ਵਾਰ ਅਜਿਹਾ ਕਰਦਿਆਂ ਵੇਖ ਕੇ ਕਿਸੇ ਨੇ ਪੁੱਛਿਆ, “ਕਿ ਜਦੋਂ ਦੂਰ ਦੂਰ ਮੀਲਾਂ ਤਕ ਜੰਗਲ ਨੂੰ ਅੱਗ ਲੱਗੀ ਹੋਈ ਹੈ ਤਾਂ ਤੇਰੇ ਇਸ ਇੱਕ ਤੁਪਕੇ ਪਾਣੀ ਨਾਲ ਕੀ ਹੋਵੇਗਾ।”
ਚਿੜੀ ਦਾ ਜੋ ਜਵਾਬ ਸੀ ਉਹ ਅੱਜ ਦੇ ਸਮਿਆਂ ਦੇ ਸੰਦਰਭ ਵਿੱਚ ਬੜਾ ਮੁੱਲਵਾਨ ਸੀ ਉਸ ਨੇ ਕਿਹਾ, “ਮੇਰੇ ਇੱਕ ਤੁਪਕਾ ਪਾਣੀ ਨਾਲ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਇਹ ਤਾਂ ਮੈਂ ਨਹੀਂ ਜਾਣਦੀ। ਪਰ ਇੰਨਾ ਜਰੂਰ ਜਾਣਦੀ ਹਾਂ ਕਿ ਜਦੋਂ ਇਸ ਜੰਗਲ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਸਮੇਂ ਮੇਰਾ ਨਾਅ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਬਲਕਿ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ।”
ਅੱਜ ਵੀ ਸਮਾਜ ਪ੍ਰਤੀ ਅਜਿਹੀ ਸਾਕਾਰਤਮਿਕ ਭੂਮਿਕਾ ਨਿਭਾਉਣ ਲਈ ਬਹੁਤ ਸਾਰੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਸਾਡੇ ਕੋਲ ਚੰਗੇ ਅਖਬਾਰ ਹਨ। ਸੁਹਿਰਦਤਾ ਨਾਲ ਕੰਮ ਕਰਨ ਵਾਲੇ ਬੁੱਧੀਜੀਵੀ, ਲੇਖਕ, ਪੱਤਰਕਾਰ ਵੀ ਹਨ ਜੋ ਸਮਾਜ ਦੇ ਭਲੇ ਲਈ ਯਤਨਸ਼ੀਲ ਹਨ। ਪਰ ਸਮਾਜ ਦੀ ਬਿਹਤਰੀ ਲਈ ਸੀਮਤ ਨਹੀਂ ਬਲਕਿ ਬਹੁਤ ਵੱਡੇ ਉਪਰਾਲਿਆਂ ਦੀ ਲੋੜ ਹੈ।
ਜੀਰਾ / ਮੋ 98550-51099

Post Author: admin

Leave a Reply

Your email address will not be published. Required fields are marked *