ਬੇਹੱਦ ਲੋੜ ਹੋਣ ’ਤੇ ਹੀ ਪੀਐਫ ਕਢਵਾਇਆ ਜਾਵੇ: ਰੰਗਾਨਾਥ

ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗਨਾਈਜੇਸ਼ਨ ਦੇ ਖੇਤਰੀ ਕਮਿਸ਼ਨਰ ਵੀ ਰੰਗਨਾਥ ਨੇ ਅੱਜ ਇੱਥੇ ਕਿਹਾ ਕਿ ਵਾਰ ਵਾਰ ਐਂਪਲਾਈਜ਼ ਪ੍ਰਾਵੀਡੈਂਟ ਫੰਡ (ਈਪੀਐਫ) ਕਢਵਾਉਣ ਦਾ ਸਿੱਧਾ ਅਸਰ ਮੁਲਾਜ਼ਮ ਦੀ ਪੈਨਸ਼ਨ ’ਤੇ ਪੈਂਦਾ ਹੈ। ਇਸ ਲਈ ਪੀਐਫ ਖ਼ਾਤੇ ਨੂੰ ਬੈਂਕ ਦੇ ਬੱਚਤ ਖਾਤੇ ਵਾਂਗ ਨਾ ਵਰਤਿਆ ਜਾਵੇ। ਕੇਵਲ ਬਹੁਤ ਜ਼ਿਆਦਾ ਲੋੜ ਪੈਣ ਉਤੇ ਹੀ ਪੀਐਫ ਖਾਤੇ ਵਿੱਚੋਂ ਪੈਸੇ ਕਢਵਾਏ ਜਾਣ।
ਸ੍ਰੀ ਰੰਗਾਨਾਥ ਨੇ ਕਿਹਾ ਕਿ ਪੀਐਫ ਖਾਤੇ ਵਿੱਚ ਜਮ੍ਹਾਂ ਪੈਸਿਆਂ ਬਾਰੇ ਪਾਰਦਰਸ਼ਤਾ ਲਿਆਉਣ ਵਾਸਤੇ ਯੂਨੀਵਰਸਲ ਅਕਾਊਂਟ ਨੰਬਰ (ਯੂਏਐਨ) ਜਾਰੀ ਕੀਤਾ ਗਿਆ ਹੈ, ਜਿਸ ਨਾਲ ਸਾਰੇ ਕੰਮ ਆਨਲਾਈਨ ਹੋ ਸਕਦੇ ਹਨ। ਜਨਮ ਤਰੀਕ, ਪਤਾ, ਪਛਾਣ ਪੱਤਰ, ਪਤੀ ਜਾਂ ਪਤਨੀ ਦੇ ਨਾਮ ਵਿੱਚ ਤਬਦੀਲੀ ਸਣੇ ਹੋਰ ਕਈ ਤਬਦੀਲੀਆਂ ਆਸਾਨੀ ਨਾਲ ਹੋ ਸਕਦੀਆਂ ਹਨ। ਇਸ ਵਾਸਤੇ ਪੀਐਫ ਖਾਤਾ ਆਧਾਰ ਕਾਰਡ ਤੇ ਪੈਨ ਕਾਰਡ ਨਾਲ ਜੁੜਿਆ ਹੋਣਾ ਤੇ ਯੂਏਐਨ ਨੰਬਰ ਮੋਬਾਈਲ ਫੋਨ ’ਤੇ ਐਕਟੀਵੇਟ ਹੋਣਾ ਲਾਜ਼ਮੀ ਹੈ। ਇਸ ਵਾਸਤੇ ਵਿਭਾਗ ਵੱਲੋਂ ‘ਉਮੰਗ’ ਨਾਮ ਦੀ ਐਪ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਕਰੀ ਬਦਲਣ ਨਾਲ ਪੀਐਫ ਖਾਤਾ ਨੰਬਰ ਬਦਲ ਜਾਵੇਗਾ ਪਰ ਯੂਏਐਨ ਨੰਬਰ ਇਕੋ ਰਹੇਗਾ। ਖੇਤਰੀ ਕਮਿਸ਼ਨਰ ਨੇ ਦੱਸਿਆ ਕਿ ਰੁਜ਼ਗਾਰਦਾਤਾ ਜਾਂ ਮਾਲਕ ਵੱਲੋਂ ਪੀਐਫ ਵਿੱਚ ਯੋਗਦਾਨ ਦੇਣਾ ਲਾਜ਼ਮੀ ਹੈ, ਜਿਸ ਵਾਸਤੇ ਕਾਨੂੰਨ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪੈਨਸ਼ਨ ਦੀ ਖੂਬੀ ਇਹ ਹੈ ਕਿ ਮੁਲਾਜ਼ਮ ਦੀ ਮੌਤ ਤੋਂ ਬਾਅਦ ਪਤੀ/ਪਤਨੀ ਜਾਂ ਹੋਰ ਨਿਰਭਰ ਵਿਅਕਤੀ ਨੂੰ ਇਸ ਦਾ ਲਾਭ ਮਿਲਦਾ ਰਹਿੰਦਾ ਹੈ, ਭਾਵੇਂ ਮੁਲਾਜ਼ਮ ਵੱਲੋਂ ਸਿਰਫ਼ ਇਕ ਸਾਲ ਵਾਸਤੇ ਹੀ ਯੋਗਦਾਨ ਦਿੱਤਾ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਈਪੀਐਫਓ ਨੇ ਪ੍ਰਧਾਨ ਮੰਤਰੀ ਦੀ 2022 ਤੱਕ ਸਭ ਨੂੰ ਰਿਹਾਇਸ਼ ਦੇਣ ਦੀ ਯੋਜਨਾ ਤਹਿਤ ਹਾਊਸਿੰਗ ਸਕੀਮ ਸ਼ੁਰੂ ਕੀਤੀ ਹੈ।

Post Author: admin

Leave a Reply

Your email address will not be published. Required fields are marked *