‘ਰਿਦਮ ਸਕੂਲ ਆਫ ਇੰਡੀਅਨ ਮਿਊਜ਼ਕ’ ਵੱਲੋਂ ਕਰਵਾਇਆ ਗਿਆ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਸੰਮੇਲਨ

ਜਦੋਂ ਮਹਿਕ ਉਠੀ ਗੁਰਮਤਿ ਸੰਗੀਤ ਫੁੱਲਵਾੜੀ
‘ਰਿਦਮ ਸਕੂਲ ਆਫ ਇੰਡੀਅਨ ਮਿਊਜ਼ਕ’ ਵੱਲੋਂ ਕਰਵਾਇਆ ਗਿਆ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਸੰਮੇਲਨ
120 ਸੰਗੀਤ ਸਿਖਿਆਰਥੀਆਂ ਨੇ ਲਿਆ ਭਾਗ
ਔਕਲੈਂਡ 12 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਸੰਗੀਤ ਦੇ ਖੇਤਰ ਵਿਚ ਜਾਣੇ-ਪਹਿਚਾਣੇ ਨਾਂਅ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਹਰ ਸਾਲ ਗੁਰਬਾਣੀ ਅਤੇ ਸ਼ਾਸ਼ਤਰੀ ਸੰਗੀਤ ਦੀ ਚੜ੍ਹਦੀ ਕਲਾ ਬਣਾਈ ਰੱਖਣ ਲਈ ‘ਫਿਊਚਰ ਮਾਈਸਟ੍ਰੋਸ’ ਮਤਲਬ ਕਿ ਭਵਿੱਖ ਦੇ ਸੰਗੀਤਕ ਮਾਹਿਰ (ਉਸਤਾਦ) ਨਾਂਅ ਹੇਠ ਸੰਗੀਤ ਸੰਮੇਲਨ ਕੀਤਾ ਗਿਆ। ਇਸ ਵਾਰ ਇਹ ਚੌਥਾ ਸੰਮੇਲਨ ਸੀ ਅਤੇ ਬੀਤੇ ਐਤਵਾਰ ਦੀ ਸ਼ਾਮ ਨੂੰ ਬਕਲੈਂਡ ਬੀਚ ਵਾਰ ਮੈਮੋਰੀਅਲ ਹਾਲ ਵਿਖੇ ਕਰਵਾਇਆ ਗਿਆ। ਇਸ ਸੰਗੀਤ ਸੰਮੇਲਨ ਦੇ ਵਿਚ 120 ਸੰਗੀਤ ਦੇ ਸਿਖਿਆਰਥੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਸੰਮੇਲਨ ਦੀ ਸ਼ੁਰੂਆਤ ਸਿਖਿਆਰਥੀਆਂ ਨੇ ਸਮੂਹਿਕ ਰੂਪ ਵਿਚ ਸ਼ਬਦ ਗਾਇਨ ਕਰਕੇ ਕੀਤੀ। ਗੁਰਮਤਿ ਸੰਗੀਤਕ ਫੁੱਲਵਾੜੀ ਦੇ ਵਿਚ ਫੁੱਲਾਂ ਵਾਂਗ ਮਹਿਕਣ ਲਈ ਤਿਆਰ ਹੋ ਰਹੇ ਇਨ੍ਹਾਂ ਬੱਚਿਆਂ ਨੇ ਵੱਖ-ਵੱਖ ਸਮੂਹਾਂ ਵਿਚ ਸ਼ਬਦ ਗਾਇਨ, ਸ਼ਾਸ਼ਤਰੀ ਸੰਗੀਤ ਗਾਇਨ, ਤਬਦਾ ਵਾਦਨ, ਨਿਊਜ਼ੀਲੈਂਡ ਦਾ ਰਾਸ਼ਟਰੀ ਗਾਨ, ਪੰਜਾਬੀ ਅਤੇ ਹਿੰਦੀ ਦੇ ਗੀਤਾਂ ਦੀਆਂ ਸੰਗੀਤਕ ਧੁਨਾਂ ਦੇ ਨਾਲ ਸੰਮੇਲਨ ਨੂੰ ਚਾਰ ਚੰਨ ਲਾ ਦਿੱਤੇ। ਦਿਲਰੁਬਾ ਵਾਦਨ ਦੇ ਵਿਚ ਜਦੋਂ ਬੀਬੀ ਦਲਜੀਤ ਕੌਰ ਅਤੇ ਵਿਦਿਆਰਥੀਆਂ ਨੇ ਤਰੰਗਾ ਛੇੜੀਆਂ ਤਾਂ ਉਹ ਸੰਮੇਲਨ ਦਾ ਸਿਰਾ ਹੋ ਨਿਬੜਿਆ। ਜੇਤੂ ਬੱਚਿਆਂ ਨੂੰ ਚਾਰ ਸ਼੍ਰੇਣੀਆਂ ਵਿਚ ਇਨਾਮ ਤਕਸੀਮ ਕੀਤੇ ਗਏ। ਇਹ ਐਵਾਰਡ ਸੰਗੀਤਕ ਕਲਾਸਾਂ ਦੀ ਹਾਜ਼ਰੀ, ਪ੍ਰੈਕਟਿਸ ਅਤੇ ਪੂਰਾ ਸਾਲ ਕੀਤੀ ਗਈ ਪਰਫਾਰਮੈਂਸ ਉਤੇ ਦਿੱਤੇ ਗਏ। ਸਟੂਡੈਂਟ ਆਫ ਦਾ ਯੀਅਰ ਐਵਾਰਡ ਵੋਕਲ ਕਲਾਸਾਂ ਦੇ ਲਈ ਇੰਦਰਪ੍ਰੀਤ ਸਿੰਘ ਪੁੱਕੀਕੁਈ ਅਤੇ ਦਿਵਿਆ ਸਿੰਘ ਉਟਾਹੂਹੂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸਟੂਡੈਂਟ ਆਫ ਦਾ ਤਬਲਾ ਵਾਦਕ ਰਮਨਦੀਪ ਸਿੰਘ ਟਾਕਾਨੀਨੀ ਅਤੇ ਅੰਜਲੀ ਸ਼ਰਮਾ ਫਲੈਟਬੁਸ਼ ਨੂੰ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਤਿੰਨ ਵਿਸ਼ੇਸ਼ ਐਵਾਰਡ ਕੇਰਿਨ ਪਲੀਮਰ, ਮੋਹਨਗੀਤ ਕੌਰ ਅਤੇ ਅਦਲੀਨ ਕੌਰ ਨੂੰ ਦਿੱਤਾ ਗਿਆ। ਵੈਸਟਫੀਲਡ ਮਾਲ ਦੇ ਗਿਫਟ ਵਾਊਚਰ ਸਾਰੇ ਵਿਦਿਆਰਥੀਆਂ ਨੂੰ ਦਿੱਤੇ ਗਏ। ਤਨਵੀਰ ਕੌਰ ਨੇ ਸਟੇਜ ਸੰਚਾਲਨ ਕੀਤਾ ਅਤੇ ਧੰਨਵਾਦ ਪ੍ਰੋ. ਮਨਜੀਤ ਸਿੰਘ ਵੱਲੋਂ ਕੀਤਾ ਗਿਆ। ਸਾਰੇ ਸਪਾਂਸਰਜ਼ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ।

Post Author: admin

Leave a Reply

Your email address will not be published. Required fields are marked *